ਪੱਤਰ ਪ੍ਰੇਰਕ
ਪਾਤੜਾਂ, 9 ਦਸੰਬਰ
ਸ਼ਹਿਰ ਦੇ ਚੁਨਾਗਰਾ ਰੋਡ ਸਥਿਤ ਸਾਗਰ ਬਸਤੀ ’ਚ ਰਹਿੰਦੇ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵਿਆਹ ਜਾਣ ਮਗਰੋਂ ਕਿਸੇ ਨੇ ਘਰ ’ਚ ਦਾਖ਼ਲ ਹੋ ਕੇ ਚਾਲੀ ਤੋਲੇ ਸੋਨਾ ਤੇ ਦੋ ਲੱਖ ਰੁਪਏ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਿਵਾਰਕ ਮੈਂਬਰ ਵਾਪਸ ਆਏ ਤੇ ਘਰ ਵਿੱਚ ਸਾਮਾਨ ਖਿੱਲਰਿਆ ਪਿਆ ਸੀ। ਪੁਲੀਸ ਨੂੰ ਦਿੱਤੀ ਸੂਚਨਾ ਮਗਰੋਂ ਸਿਟੀ ਪੁਲੀਸ ਚੌਕੀ ਇੰਚਾਰਜ ਬੀਰਬਲ ਸ਼ਰਮਾ ਜਿਸ ਦੀ ਅਗਵਾਈ ’ਚ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਸਾਰਾ ਪਰਿਵਾਰ ਸ਼ਹਿਰ ’ਚ ਹੀ ਸਵੇਰੇ ਗਿਆਰਾਂ ਵਜੇ ਵਿਆਹ ਵਿੱਚ ਗਿਆ ਸੀ ਜਦੋਂ ਉਹ ਦੁਪਹਿਰੇ ਘਰ ਵਾਪਸ ਆਏ ਤਾਂ ਦੇਖਿਆ ਕਿ ਅੰਦਰ ਕੱਪੜੇ ਵਗੈਰਾ ਖਿੱਲਰੇ ਹੋਏ ਸੀ। ਘਰ ’ਚ ਪਿਆ ਚਾਲੀ ਤੋਲੇ ਸੋਨਾ ਤੇ ਦੋ ਲੱਖ ਰੁਪਏ ਗਾਇਬ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਪੁਲੀਸ ਨੂੰ ਸੂਚਨਾ ਦਿੱਤੇ ਜਾਣ ਮਗਰੋਂ ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਬੀਰਬਲ ਸ਼ਰਮਾ ਦੀ ਅਗਵਾਈ ’ਚ ਆਈ ਪੁਲੀਸ ਨੇ ਦੇਖਿਆ ਕਿ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਕੋਈ ਤਾਲਾ ਨਹੀਂ ਤੋੜਿਆ। ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਪਟਿਆਲਾ ਤੋਂ ਫੋਰੈਂਸਿਕ ਟੀਮ ਬੁਲਾ ਕੇ ਫਿੰਗਰ ਪ੍ਰਿੰਟਸ ਲਏ ਜਾਣ ਮਗਰੋਂ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਚੋਰੀ ਦਾ ਪਤਾ ਲਾਉਣ ਪੁਲੀਸ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਦੀ ਸੋਚ ਰਹੀ ਸੀ। ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਥਾਣਾ ਪਾਤੜਾਂ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਜਿਸ ’ਤੇ ਪੁਲੀਸ ਵੱਲੋਂ ਦਿਨ ਦਿਹਾੜੇ ਬਿਨਾਂ ਜਿੰਦਰੇ ਤੋੜੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਲਈ ਜਾਂਚ ਸ਼ੁਰੂ ਕੀਤੇ ਜਾਣ ਉਪਰੰਤ ਕੋਈ ਵੀ ਕਾਰਵਾਈ ਕਰਨ ਤੋਂ ਮਨ੍ਹਾ ਕੀਤਾ ਹੈ।