ਪੱਤਰ ਪੇ੍ਰਕ
ਪਟਿਆਲਾ, 16 ਨਵੰਬਰ
ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ‘ਓਐਸਡੀ’ ਵਜੋਂ ਵਿਚਰਨ ਵਾਲੇ ਵਣ ਰੇਂਜਰ ਚਮਕੌਰ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਹ ਫ਼ੈਸਲਾ ਮੌਜੂਦਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਹੁਕਮਾਂ ਤੋਂ ਬਾਅਦ ਪਟਿਆਲਾ ਡਵੀਜ਼ਨ ਦੇ ਮੁੱਖ ਵਣਪਾਲ ਵੱਲੋਂ ਲਿਆ ਗਿਆ ਹੈ। ਇਹ ਮਾਮਲਾ ਪ੍ਰਧਾਨ ਮੁੱਖ ਵਣਪਾਲ ਦੇ ਧਿਆਨ ਵਿਚ ਵੀ ਸੀ ਤੇ ਕਾਫ਼ੀ ਚਰਚਾ ਸੀ ਕਿ ਸੇਵਾਮੁਕਤੀ ਤੋਂ ਬਾਅਦ ਚਮਕੌਰ ਸਿੰਘ ਨੂੰ ਬਿਨਾਂ ਕਿਸੇ ਇਸ਼ਤਿਹਾਰ ਦਿੱਤੇ ਵਣ ਗਾਰਡ ਤੋਂ ਵਣ ਰੇਂਜਰ ਬਣਾ ਕੇ ਮੰਤਰੀ ਨਾਲ ਸੇਵਾਵਾਂ ’ਤੇ ਲਗਾ ਦਿੱਤਾ ਸੀ। ਇਸ ਦੀ ਜਾਂਚ ਕਰਨ ਬਾਰੇ ਵੀ ਵਿਭਾਗ ਵਿਚ ਕਨਸੋਆਂ ਚੱਲ ਰਹੀਆਂ ਹਨ।
ਜਾਣਕਾਰੀ ਅਨੁਸਾਰ ਖ਼ਾਸ ਗੱਲ ਇਹ ਰਹੀ ਕਿ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ‘ਓਐਸਡੀ’ ਕਹਾਉਣ ਵਾਲਾ ਚਮਕੌਰ ਸਿੰਘ ਕਦੇ ‘ਓਐਸਡੀ’ ਨਿਯੁਕਤ ਹੀ ਨਹੀਂ ਹੋਇਆ ਸੀ। ‘ਟਰਮੀਨੇਟ ਆਰਡਰਾਂ’ ਤੋਂ ਪਤਾ ਲੱਗਾ ਹੈ ਕਿ ਚਮਕੌਰ ਸਿੰਘ ਨੂੰ ਸੇਵਾਮੁਕਤੀ ਤੋਂ ਬਾਅਦ ਕੇਵਲ ਜੰਗਲੀ ਜੀਵ ਮੰਡਲ ਪਟਿਆਲਾ ਦੀ ਜੰਗਲੀ ਜੀਵ ਸੈਂਚੁਰੀ ਦੇ ਜਾਨਵਰਾਂ ਦੇ ਕੁਦਰਤੀ ਵਸੇਬਿਆਂ ਦੀ ਮੁੜ ਸਥਾਪਨਾ ਦੇ ਕੰਮਾਂ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਚਮਕੌਰ ਸਿੰਘ ਨੂੰ 2017 ਵਿਚ ਵਣ ਮੰਤਰੀ ਦਾ ਸਿਰਫ਼ ਤਾਲਮੇਲ ਅਧਿਕਾਰੀ ਹੀ ਨਿਯੁਕਤ ਕੀਤਾ ਗਿਆ ਸੀ। ਪਰ ਕਮਾਲ ਇਹ ਰਿਹਾ ਕਿ ਜਦੋਂ ਤੋਂ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਬਣੇ ਤਾਂ ਚਮਕੌਰ ਸਿੰਘ ਮੰਤਰੀ ਦੇ ‘ਓਐਸਡੀ’ ਵਜੋਂ ਹੀ ਵਿਚਰਦਾ ਰਿਹਾ।
ਸੂਤਰ ਇਹ ਵੀ ਦੱਸਦੇ ਹਨ ਕਿ ਚਮਕੌਰ ਸਿੰਘ ਨਾਭਾ ਹਲਕੇ ਤੱਕ ਡਿਊਟੀ ਹੋਣ ਦੇ ਬਾਵਜੂਦ ਵਣ ਵਿਭਾਗ ਦੇ ਨਾਲ ਨਾਲ ਸਾਧੂ ਸਿੰਘ ਧਰਮਸੋਤ ਅਧੀਨ ਆਉਂਦੇ ਹੋਰ ਵਿਭਾਗ ਸਟੇਸ਼ਨਰੀ, ਸਮਾਜਿਕ ਭਲਾਈ ਆਦਿ ਦੇ ਕੰਮਕਾਜ ਨੂੰ ਵੀ ‘ਆਫ਼ ਦੀ ਰਿਕਾਰਡ’ ਦੇਖਦਾ ਹੋਇਆ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ। ਚਮਕੌਰ ਸਿੰਘ ਕਈ ਮਾਮਲਿਆਂ ਵਿਚ ਅਜੇ ਵੀ ਕਥਿਛ ਜੰਗਲਾਤ ਵਿਭਾਗ ਵਿਚ ਆਪਣਾ ਦਬਾਅ ਬਣਾ ਰਹੇ ਸਨ, ਇਸ ਕਰਕੇ ਮੌਜੂਦਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ।