ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਸਤੰਬਰ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਜੰਗਲਾਤ, ਜੰਗਲੀ ਜੀਵ ਤੇ ਜੰਗਲਾਤ ਨਿਗਮ ਪਟਿਆਲਾ ਵਿਚਲੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਅੱਜ ਵਿਸ਼ਾਲ ਰੈਲੀ ਕੀਤੀ ਗਈ। ਅੱਜ ਆਈਆਂ ਅੱਧੀਆਂ ਤਨਖ਼ਾਹਾਂ ਕਰਕੇ ਮੁਲਾਜ਼ਮਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਅੱਜ ਅਸਥਾਈ ਰੂਪ ਵਿੱਚ ਧਰਨਾ ਮੁਲਤਵੀ ਕਰ ਦਿੱਤਾ ਹੈ। ਇਹ ਧਰਨਾ ਕਰੀਬ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੀ। ਪ੍ਰਧਾਨ ਜਗਮੋਹਨ ਨੌਲੱਖਾ ਨੇ ਕਿਹਾ ਕਿ ਵਣ ਪਾਲ ਸਾਊਥ ਸਰਕਲ ਪਟਿਆਲਾ ਦੇ ਦਫ਼ਤਰ ਅੱਗੇ ਪਿਛਲੇ 70 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਦੇ ਲਗਾਤਾਰ ਧਰਨੇ ਦੀ ਅਸਥਾਈ ਰੂਪ ਵਿੱਚ ਸਮਾਪਤੀ ਕਰ ਦਿੱਤੀ ਹੈ ਕਿਉਂਕਿ ਅੱਜ ਅਧਿਕਾਰੀਆਂ ਵੱਲੋਂ ਅੱਧ ਪਚੱਧ ਤਨਖ਼ਾਹਾਂ ਦੀਆਂ ਅਦਾਇਗੀਆਂ ਕਰਨ ਤੇ ਬਾਕੀ ਮੰਗਾਂ ਸਮਾਂ ਬੱਧ ਲਾਗੂ ਕਰਨ ਦੇ ਦਿੱਤੇ ਭਰੋਸਿਆਂ ਮਗਰੋਂ ਧਰਨਾ ਮੁਲਤਵੀ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜੰਗਲਾਤ ਪ੍ਰਧਾਨ ਜਗਮੋਹਨ ਨੋਲੱਖਾ ਨੇ ਦੱਸਿਆ ਕਿ ਜੇ ਜਥੇਬੰਦੀ ਲੰਮਾ ਧਰਨਾ ਨਾ ਲਾਉਂਦੀ ਤਾਂ ਤਨਖ਼ਾਹਾਂ ਮਿਲਣ ਦੀ ਹੁਣ ਵੀ ਕੋਈ ਸੰਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਵਣ ਮੰਤਰੀ ਸਣੇ ਲੋਕਲ ਵਿਧਾਇਕਾਂ ਨੇ ਕਰਮਚਾਰੀਆਂ ਦੀ ਬਾਂਹ ਨਹੀਂ ਫੜੀ। ਇੱਥੋਂ ਤੱਕ ਕਿ 31 ਅਗਸਤ ਨੂੰ ਵਾਪਰਿਆ ਸੜਕੀ ਹਾਦਸਾ ਜਿਸ ਵਿੱਚ ਅੱਧੀ ਦਰਜਨ ਤੋਂ ਵੀ ਵੱਧ ਕਰਮੀਂ ਸਖ਼ਤ ਜ਼ਖ਼ਮੀ ਹੋਣ ’ਤੇ ਹੰਗਾਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਦਾਖਲ ਕਰਵਾਉਣਾ ਪਿਆ ਜੋ ਅੱਜ ਵੀ ਜ਼ੇਰੇ ਇਲਾਜ ਹਨ।