ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਅਕਤੂਬਰ
ਜੰਗਲਾਤ ਕਾਮਿਆਂ ਦੀ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਾਉਣ ਲਈ ਅੱਜ ਚੌਥੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਇਸ ਵੇਲੇ ਜੰਗਲਾਤ ਕਾਮਿਆਂ ਦੇ ਮੁੱਖ ਆਗੂ ਜਗਮੋਹਨ ਸਿੰਘ ਨੌਲਖਾ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ।
ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਜੰਗਲਾਤ ਕਾਮਿਆਂ ਵੱਲੋਂ ਕਈ ਸਾਰੇ ਜ਼ਿਲ੍ਹਿਆਂ ਦੇ ਵਣ ਪਾਲ ਸਾਊਥ ਸਰਕਲ ਦੇ ਦਫ਼ਤਰ ਅੱਗੇ ਜਾਰੀ ਲੜੀਵਾਰ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਭੁੱਖ ਹੜਤਾਲੀ ਕੈਂਪ ਅੱਗੇ ਰੈਲੀ ਕਰਕੇ ਅਗਲੇ 24 ਘੰਟਿਆਂ ਦੀ ਭੁੱਖ ਹੜਤਾਲ ’ਤੇ ਨਵਾਂ ਜਥਾ ਬੈਠਾ, ਜਿਸ ਵਿੱਚ ਤਰਲੋਚਨ ਮਾੜੂ ਸ਼ੇਖਪੁਰਾ, ਰਚਨਾ ਸਿੰਘ ਬਲਬੇੜਾ ਸ਼ਾਮਲ ਸਨ। ਰੈਲੀ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜੰਗਲਾਤ ਦੇ ਪ੍ਰਧਾਨ ਜਗਮੋਹਨ ਨੋਲੱਖਾ ਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਕਾਲਵਾ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਗਿਆ ਕਿ ਵਣਪਾਲ ਨੇ ਯੂਨੀਅਨ ਨੂੰ 3 ਨਵੰਬਰ ਨੂੰ ਗੱਲਬਾਤ ਲਈ ਸੱਦ ਲਿਆ ਹੈ। ਭੁੱਖ ਹੜਤਾਲੀ ਕੈਂਪ ਅੱਗੇ ਜੋ ਵੱਖ-ਵੱਖ ਆਗੂ ਪਹੁੰਚੇ ਉਨ੍ਹਾਂ ਵਿੱਚ ਜਗਰੂਪ ਖਾਂ ਨਾਭਾ, ਹਰਜਿੰਦਰ ਸਿੰਘ ਸਰਹਿੰਦ, ਗੁਰਮੇਲ ਬੰਮਣਾ, ਤਰਲੋਚਨ ਮੰਡੋਲੀ, ਸਵਿੰਦਰ ਸਿੰਘ ਗੁਰਦਿਆਲਪੁਰ, ਦਵਿੰਦਰ ਮਹੰਤ, ਕੁਲਵਿੰਦਰ ਸਿੰਘ ਕਾਲਵਾ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੱਲੇਵਾਲ, ਬਲਵਿੰਦਰ ਸਿੰਘ ਨਾਭਾ, ਗੁਰਮੇਲ ਸਿੰਘ ਸਮਾਣਾ ਹਾਜ਼ਰ ਸਨ।