ਪੱਤਰ ਪ੍ਰੇਰਕ
ਪਟਿਆਲਾ, 14 ਦਸੰਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਮਹਿਲਾ ਵਰਕਰਾਂ ਦੇ ਹਿੱਤਾਂ ਲਈ ਜੰਗਲਾਤ ਰੇਂਜ ਅਫ਼ਸਰ ਪਟਿਆਲਾ ਦੇ ਦਫ਼ਤਰ ਅੱਗੇ ਠੰਢ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਵਰਕਰਾਂ ਨੇ ਸਰਕਾਰ ਨੂੰ ਜਗਾਉਣ ਲਈ ਖੰਡਾ ਚੌਕ ਜਾਮ ਕੀਤਾ। ਇਹ ਧਰਨਾ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਤੇ ਸੀਨੀਆਰਤਾ ਸੂਚੀ ਵਿੱਚ ਬਿਨਾਂ ਪੱਖਪਾਤ ਤੋਂ ਨਾਂ ਸ਼ਾਮਲ ਕਰ ਕੇ ਦਰੁੱਸਤ ਕਰਨ ਉਪਰੰਤ ਤੇ ਡੇਲੀਵੇਜ ਹਾਜ਼ਰੀ ਯਕੀਨੀ ਬਣਾਉਣ ਨੂੰ ਲੈ ਕੇ ਦਿੱਤਾ ਗਿਆ। ਇਸ ਦੌਰਾਨ ਡੀਐੱਫ਼ਓ ਪਟਿਆਲਾ ਵਰਕਰਾਂ ਨੇ ਭੜਾਸ ਕੱਢੀ। ਇਸ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਬੀ.ਐੱਸ. ਲੂੰਬਾ ਤੇ ਬਲਵੀਰ ਸਿੰਘ ਮੰਡੌਲੀ, ਹਰਜਿੰਦਰ ਸਿੰਘ, ਜੋਗਾ ਸਿੰਘ ਤੇ ਹਰਚਰਨ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਜਿਹੇ ਰਵੱਈਏ ਕਾਰਨ ਵਾਲੇ ਲਾਰੇ ਲੱਪੇ ਲਾਉਣ ਵਾਲੇ ਕਥਿਤ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰੇਗੀ ਤੇ 16 ਦਸੰਬਰ ਨੂੰ ਡੀਸੀ ਪਟਿਆਲਾ ਦੇ ਦਫ਼ਤਰ ਕੋਲ ਵਣ ਮੰਡਲ ਅਫ਼ਸਰ ਪਟਿਆਲਾ ਦੇ ਗੇਟ ਅੱਗੇ ਵੱਡੀ ਗਿਣਤੀ ’ਚ ਵਰਕਰਾਂ ਦੇ ਇਕੱਠ ਨਾਲ ਰੈਲੀ ਕੀਤੀ ਜਾਵੇਗੀ ਅਤੇ ਹੱਕੀ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੈੱਲਫੇਅਰ ਐਕਟ 2016 ਤਹਿਤ ਮੈਡੀਕਲ ਕਰਵਾ ਚੁੱਕੇ ਵਣ ਕਾਮਿਆਂ ਨੂੰ ਪੱਕਾ ਕਰਾਉਣ ਲਈ ਮੋਤੀ ਬਾਗ਼ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ।