ਪੱਤਰ ਪ੍ਰੇਰਕ
ਪਟਿਆਲਾ, 17 ਮਾਰਚ
ਇਕ ਸਿਆਸੀ ਆਗੂ ਦੇ ਦਬਾਅ ਕਾਰਨ ਜੰਗਲਾਤ ਵਿਭਾਗ ਦੇ 250 ਰੁੱਖ ਨਾਜਾਇਜ਼ ਤੌਰ ’ਤੇ ਵੱਢੇ ਜਾਣ ਦਾ ਤਿੰਨ ਮਹੀਨਿਆਂ ਤੋਂ ਦਬਾਇਆ ਜਾ ਰਿਹਾ ਮਾਮਲਾ ਨਵੀਂ ਸਰਕਾਰ ਆਉਣ ’ਤੇ ਅਧਿਕਾਰੀਆਂ ਨੇ ਖ਼ੁਦ ਹੀ ਪ੍ਰਕਾਸ਼ ਵਿੱਚ ਲਿਆਂਦਾ।
ਇੱਥੋਂ 6 ਕੁ ਕਿੱਲੋਮੀਟਰ ਦੂਰ ਦੇਵੀਗੜ੍ਹ ਰੋਡ ’ਤੇ ਇਕ ਕਲੋਨਾਈਜ਼ਰ ਅਤੇ ਇਕ ਨਿੱਜੀ ਸਕੂਲ ਵੱਲੋਂ ਨਹਿਰ ਦੇ ਆਲ਼ੇ ਦੁਆਲੇ ਲੱਗੇ 250 ਰੁੱਖ ਹੀ ਕੱਟ ਦਿੱਤੇ ਗਏ। ਇਸ ਸਬੰਧੀ ਜੰਗਲਾਤ ਵਿਭਾਗ ਨੇ ਕਾਰਵਾਈ ਕਰਦਿਆਂ ਇੱਥੇ ਦੇ ਬੀਟ ਇੰਚਾਰਜ (ਫੋਰੈਸਟ ਗਾਰਡ) ਨੂੰ ਮੁਅੱਤਲ ਕਰ ਦਿੱਤਾ ਹੈ।
ਮੁਅੱਤਲ ਕੀਤੇ ਬੀਟ ਇੰਚਾਰਜ ਨੂੰ ਭਾਦਸੋਂ ਹਾਜ਼ਰੀ ਲਾਉਣ ਲਈ ਭੇਜ ਦਿੱਤਾ ਹੈ ਜਿਸ ਦੀ ਪੁਸ਼ਟੀ ਖ਼ੁਦ ਬੀਟ ਇੰਚਾਰਜ ਨੇ ਕੀਤੀ ਹੈ।