ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੁਲਾਈ
ਸਰਕਾਰੀ ਖ਼ਰੀਦ ਏਜੰਸੀ ਪਨਗਰੇਨ ਦੇ ਗੁਦਾਮਾਂ ਵਿੱਚ ਹੋਏ ਬਹੁਕਰੋੜੀ ਕਣਕ ਘਪਲੇ ਦੀ ਜਾਂਚ ਮਗਰੋਂ ਖਰੀਦ ਏਜੰਸੀ ਦੇ ਅਧਿਕਾਰੀਆਂ ਦੇ ਬਿਆਨਾਂ ਉੱਤੇ ਪੁਲੀਸ ਵੱਲੋਂ ਨਾਮਜ਼ਦ ਕੀਤੇ 4 ਵਿਅਕਤੀਆਂ ਵਿੱਚੋਂ ਪਾਤੜਾਂ ਦੇ ਸਹਾਇਕ ਫੂਡ ਸਪਲਾਈ ਅਫ਼ਸਰ ਮਨਜੀਤ ਸਿੰਘ ਨੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਕਣਕ ਘਪਲੇ ਵਿੱਚ ਸ਼ਾਮਲ ਪਨਗ੍ਰੇਨ ਦੇ ਇੰਸਪੈਕਟਰ ਮਨੋਜ ਕੁਮਾਰ ਪਹਿਲਾਂ ਹੀ ਪੁਲੀਸ ਅੱਗੇ ਪੇਸ਼ ਹੋ ਗਿਆ ਸੀ। ਉਨ੍ਹਾਂ ਵੱਲੋਂ ਕੀਤੇ ਗਏ ਖ਼ੁਲਾਸਿਆਂ ਤਹਿਤ ਕੇਸ ਵਿੱਚ ਸ਼ਾਮਲ ਕੀਤੇ ਗਏ 7 ਆੜ੍ਹਤੀਆਂ ਦੀਆਂ ਅਗਾਊਂ ਜ਼ਮਾਨਤਾਂ ਹੋਣ ਮਗਰੋਂ ਭਾਜਪਾ ਤੇ ਗੁੱਜਰ ਮਹਾਸਭਾ ਦੇ ਆਗੂ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕਰਨ ’ਤੇ ਐੱਸਐੱਸਪੀ ਪਟਿਆਲਾ ਨੇ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪਨਗ੍ਰੇਨ ਦੇ ਇੰਸਪੈਕਟਰ ਮਨੋਜ ਕੁਮਾਰ ਵੱਲੋਂ ਕੀਤੇ ਖੁਲਾਸਿਆਂ ਮਗਰੋਂ ਮਾਮਲਾ ਚਰਚਾ ਵਿੱਚ ਆ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਵੱਲੋਂ ਮਾਮਲੇ ਦੀ ਜਾਂਚ ਸੀਆਈਏ ਸਟਾਫ ਹਵਾਲੇ ਕੀਤੇ ਜਾਣ ਦੇ ਬਾਵਜੂਦ ਖਰੀਦ ਏਜੰਸੀ ਦੇ ਦੋ ਇੰਸਪੈਕਟਰ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲੈਂਦਾ ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਫੂਡ ਸਪਲਾਈ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਦੀ ਅਗਵਾਈ ਵਾਲੀ ਟੀਮ ਨੇ ਖਰੀਦ ਏਜੰਸੀ ਪਨਗਰੇਨ ਦੇ ਪਾਤੜਾਂ ਤੇ ਘੱਗਾ ਇਲਾਕੇ ਵਿਚਲੇ ਗੁਦਾਮਾਂ ਦੀ ਜਾਂਚ ਕਰਨ ਮਗਰੋਂ ਘੱਟ ਪਾਈ ਗਈ 38 ਹਜਾਰ ਥੈਲੇ ਕਣਕ ਨੂੰ ਲੈ ਕੇ ਪਾਤੜਾਂ ਇਲਾਕੇ ਵਿੱਚ ਗੁਦਾਮਾਂ ਦੀ ਦੇਖ ਰੇਖ ਕਰਨ ਵਾਲੇ ਫੂਡ ਸਪਲਾਈ ਵਿਭਾਗ ਦੇ 4 ਅਧਿਕਾਰੀਆਂ ਖਿਲਾਫ ਕੇਸ ਦਰਜ ਕਰਵਾਇਆ ਸੀ।
ਥਾਣਾਂ ਪਾਤੜਾਂ ਦੇ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਕਣਕ ਘੋਟਾਲੇ ਦੇ ਮਾਮਲੇ ਦੀ ਪੜਤਾਲ ਲਈ ਐਸਐਸਪੀ ਪਟਿਆਲਾ ਨੇ ਸਿੱਟ ਦਾ ਗਠਨ ਕੀਤਾ ਹੈ।