ਮੁਖ਼ਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 14 ਨਵੰਬਰ
ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਹਲਕਾ ਸਨੌਰ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਪ੍ਰਾਪਤ ਕਰਨ ਲਈ ਸਮੀਕਰਣ ਬਦਲ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਹਲਕੇ ਵਿੱਚ ਕਾਂਗਰਸ ਦੀ ਟਿਕਟ ਪ੍ਰਾਪਤੀ ਲਈ ਦੋ ਜਾਂ ਤਿੰਨ ਹੀ ਦਾਅਵੇਦਾਰ ਸਨ ਪਰ ਹੁਣ ਇਥੇ ਪੰਜ ਦਾਅਵੇਦਾਰ ਟਿਕਟ ਪ੍ਰਾਪਤੀ ਲਈ ਜ਼ੋਰ ਅਜ਼ਮਾ ਰਹੇ ਹਨ।
ਇਸ ਹਲਕੇ ਤੋਂ ਸਭ ਤੋਂ ਪੁਰਾਣੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਲਾਲ ਸਿੰਘ 1970 ਤੋਂ ਪਹਿਲਾਂ ਹਲਕਾ ਡਕਾਲਾ ਅਤੇ ਹੁਣ ਹਲਕਾ ਸਨੌਰ ਇਕੋ ਹਲਕੇ ਤੋਂ ਲਗਾਤਾਰ ਚੋਣ ਲੜਦੇ ਆ ਰਹੇ ਹਨ ਅਤੇ ਕਈ ਵਾਰ ਪੰਜਾਬ ਦੇ ਮੰਤਰੀ ਬਣ ਚੁੱਕੇ ਹਨ। ਇਸ ਵਾਰ ਉਹ ਵੀ ਹਲਕਾ ਸਨੌਰ ਤੋਂ ਕਾਂਗਰਸ ਲਈ ਚੋਣ ਲੜਨੀ ਚਾਹੁੰਦੇ ਹਨ। ਬਦਲੇ ਸਮੀਕਰਣਾਂ ਨੂੰ ਲੈ ਕੇ ਹੀ ਇਸ ਵਾਰ ਸਾਰੇ ਦਾਅਵੇਦਾਰਾਂ ਨੇ ਦੀਵਾਲੀ ਅਤੇ ਗੁਰਪੁਰਬ ਨੂੰ ਸਮਰਪਿਤ ਸਭ ਤੋਂ ਪਹਿਲਾਂ ਹਲਕੇ ’ਚ ਫਲੈਕਸਾਂ ਲਗਾ ਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਸਨ।
ਦੂਜੇ ਪਾਸੇ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਹਲਕੇ ਦੇ ਕਰਵਾਏ ਵਿਕਾਸ ਕੰਮਾਂ ਨੂੰ ਲੈ ਕੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਜੌੜੀਆਂ ਸੜਕਾਂ ਤੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਸ਼ਕਤੀ ਪ੍ਰਦਰਸ਼ਨ ਰੱਖਿਆ ਸੀ ਜਿਸ ਵਿੱਚ ਹਲਕਾ ਘਨੌਰ ਦੇ ਵਿਧਾਇਕ ਮਦਨਲਾਲ ਵੀ ਹੈਰੀਮਾਨ ਦੀ ਮਦਦ ਕਰਨ ਇਥੇ ਪੁੱਜੇ ਸਨ।
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦੇ ਬਹੁਤ ਹੀ ਨਜ਼ਦੀਕੀ ਮਨਸਿਮਰਤ ਸਿੰਘ ਸ਼ੈਰੀ ਰਿਆੜ ਵੀ ਹਲਕਾ ਸਨੌਰ ਦੇ ਲੋਕਾਂ ਦੀ ਕਾਫੀ ਸੇਵਾ ਕਰ ਰਹੇ ਹਨ ਅਤੇ ਉਹ ਵੀ ਇਥੋਂ ਟਿਕਟ ਲੈਣ ਦੇ ਕਾਫੀ ਚਾਹਵਾਨ ਹਨ।
ਇਸੇ ਤਰ੍ਹਾਂ ਕਾਂਗਰਸ ਦੇ ਬਹੁਤ ਹੀ ਪੁਰਾਣੇ ਆਗੂ ਚੌਧਰੀ ਨਿਰਮਲ ਭੱਟੀਆਂ ਵੀ ਹਲਕੇ ਵਿੱਚ ਕਾਫੀ ਸਰਗਰਮ ਹਨ ਅਤੇ ਇਸ ਵਾਰ ਉਹ ਵੀ ਟਿਕਟ ਪ੍ਰਾਪਤੀ ਲਈ ਆਪਣੀ ਦਾਅਵੇਦਾਰੀ ਪਾਰਟੀ ਕੋਲ ਪੇਸ਼ ਕਰ ਰਹੇ ਹਨ। ਪੰਜਵੇਂ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤਇੰਦਰ ਸਿੰਘ ਚਹਿਲ ਦੇ ਸਪੁੱਤਰ ਬਿਕਰਮਜੀਤ ਸਿੰਘ ਚਹਿਲ ਵੀ ਹਲਕੇ ਵਿੱਚ ਜਾ ਕੇ ਸਮਾਜ ਸੇਵੀ ਕੰਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਹ ਵੀ ਇਥੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਂਡ ਕਿਸ ਉਮੀਦਵਾਰ ’ਤੇ ਭਰੋਸਾ ਜਤਾ ਕੇ ਮੈਦਾਨ ’ਚ ਉਤਾਰਦੀ ਹੈ।