ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਥਾਣਾ ਅਨਾਜ ਮੰਡੀ ਪਟਿਆਲਾ ਦੇ ਐੱਸਐੱਚਓ ਗੁਰਨਾਮ ਸਿੰਘ ਘੁੰਮਣ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਫੋਨ ਝਪਟਣ ਗਰੋਹ ਨੂੰ ਬੇਪਰਦ ਕਰਦਿਆਂ, ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 21 ਮੋਬਾਈਲ ਫੋਨ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸਐਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲੀਸ ਦੇ ਹੱਥ ਚੜ੍ਹੇ ਇਨ੍ਹਾਂ ਮੁਲਜ਼ਮਾਂ ਵਿੱਚ ਸੰਦੀਪ ਸਿੰਘ ਸੋਨੀ ਅਤੇ ਅਮਨਦੀਪ ਸਿੰਘ ਸਕਸੈਨਾ ਵਾਸੀਆਨ ਬਿਸ਼ਨ ਨਗਰ, ਗੁਰਦੀਪ ਸਿੰਘ ਪੁੱਤਰ ਚਿਮਨ ਸਿੰਘ, ਗੁਰਦਿੱਤ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀਆਨ ਐੱਸਐੱਸਟੀ ਨਗਰ ਤੇ ਅਮਨ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਮਥੁਰਾ ਕਲੌਨੀ ਪਟਿਆਲਾ ਦੇ ਨਾਂ ਸ਼ਾਮਲ ਹਨ। ਮੁਲਜ਼ਮਾ ਵੱਲੋਂ 6 ਨਵੰਬਰ ਨੂੰ ਸਾਈਕਲ ’ਤੇ ਜਾ ਰਹੇ ਲਹਿਲ ਕਲੋਨੀ ਦੇ ਰਵਿੰਦਰ ਸਿੰਘ ਤੇ 7 ਨਵੰਬਰ ਨੂੰ ਚਰਨਜੀਤ ਸਿੰਘ ਤੋਂ ਫੋਨ ਖੋਹਣ ਦੀ ਘਟਨਾ ਇਨ੍ਹਾਂ ਦੇ ਫੜੇ ਜਾਣ ਦਾ ਕਾਰਨ ਬਣ ਗਈ। ਸ਼ਿਕਾਇਤ ਮਗਰੋਂ ਐੱਸਪੀ (ਸਿਟੀ) ਵਰੁਣ ਸ਼ਰਮਾ ਤੇ ਡੀਐੱਸਪੀ (ਸਿਟੀ-2) ਸੌਰਵ ਜਿੰਦਲ ਦੀ ਨਿਗਰਾਨੀ ਹੇਠ ਥਾਣਾ ਅਨਾਜ ਮੰਡੀ ਦੇ ਮੁਖੀ ਗੁਰਨਾਮ ਘੁੰਮਣ ਤੇ ਟੀਮ ਨੇ ਡੂੰਘਾਈ ਨਾਲ ਕੀਤੀ ਗਈ ਘੋਖ ਦੌਰਾਨ ਪੈੜ ਨੱਪਦਿਆਂ, ਇਨ੍ਹਾਂ ਪੰਜਾਂ ਨੂੰ ਦਬੋਚ ਲਿਆ। ਪੁੱਛਗਿਛ ਦੌਰਾਨ ਗਰੋਹ ਪਾਸੋਂ 21 ਫੋਨ ਤੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ।