ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਈ
ਇੱਥੋਂ ਦੇ ਅਮਰ ਹਸਪਤਾਲ ਦੇ ਬਾਹਰ ਖੜ੍ਹੀਆਂ ਦੋ ਕਾਰਾਂ ਵਿੱਚੋਂ ਅੱਜ ਕਿਸੇ ਨੇ ਦੋ ਪਿਸਤੌਲ ਤੇ ਪੰਜ ਲੱਖ ਰੁਪਏ ਤੋਂ ਵੱਧ ਦੀ ਨਗਦੀ ਚੋਰੀ ਕਰ ਲਈ।
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਾਂ ਇਸ ਹਸਪਤਾਲ ’ਚ ਜ਼ੇਰੇ ਇਲਾਜ ਪਾਤੜਾਂ ਤੇ ਹਰਿਆਣਾ ਨਾਲ ਸਬੰਧਤ ਦੋ ਮਰੀਜ਼ਾਂ ਦੇ ਪਰਿਵਾਰਕ ਮੈਬਰਾਂ/ ਰਿਸ਼ਤੇਦਾਰਾਂ ਦੀਆਂ ਹਨ। ਇਹ ਕਾਰਾਂ ਹਸਪਤਾਲ ਦੇ ਨੇੜੇ ਹੀ ਖੜ੍ਹੀਆਂ ਸਨ। ਚੋਰਾਂ ਨੇ ਨਕਲੀ ਚਾਬੀਆਂ ਨਾਲ ਕਾਰਾਂ ਦੇ ਤਾਲੇ ਖੋਲ੍ਹ ਲਏ। ਇਸ ਦੌਰਾਨ ਇੱਕ ਕਾਰ ਵਿੱਚੋਂ ਪੰਜ ਲੱਖ ਰੁਪਏ ਅਤੇ ਇੱਕ ਪਿਸਤੌਲ ਚੋਰੀ ਕਰ ਲਿਆ ਜਦਕਿ ਦੂਜੀ ਕਾਰ ਵਿਚੋਂ ਵੀ ਇਕ ਪਿਸਤੌਲ ਤੇ ਪੰਜ ਹਜ਼ਾਰ ਰੁਪਏ ਚੋਰੀ ਕਰ ਲਏ। ਬਾਅਦ ਵਿਚ ਚੋਰਾਂ ਨੇ ਇਨ੍ਹਾਂ ਦੋਹਾਂ ਕਾਰਾਂ ਦੇ ਤਾਲੇ ਵੀ ਲਗਾ ਦਿੱਤੇ। ਇਕ ਕਾਰ ਦਾ ਮਾਲਕ ਜਦੋਂ ਕਾਰ ’ਚ ਆਇਆ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਿਆ। ਇਸ ਸਬੰਧੀ ਰੌਲ਼ਾ ਪੈਣ ’ਤੇ ਦੂਜੀ ਕਾਰ ਦੇ ਮਾਲਕ ਨੇ ਵੀ ਜਦੋਂ ਆਪਣੀ ਕਾਰ ਖੋਲ੍ਹ ਕੇ ਦੇਖੀ ਤਾਂ ਉਸ ’ਚ ਵੀ ਚੋਰੀ ਹੋਣ ਦਾ ਪਤਾ ਲੱਗਿਆ।
ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਥਾਣਾ ਮੁਖੀ ਗੁਰਪ੍ਰੀਤ ਭਿੰਡਰ ਦਾ ਕਹਿਣਾ ਸੀ ਕਿ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।