ਪੱਤਰ ਪ੍ਰੇਰਕ
ਦੇਵੀਗੜ੍ਹ, 22 ਸਤੰਬਰ
ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਦੇਵੀਗੜ੍ਹ ਨੇੜੇ ਗਣੇਸ਼ਪੁਰ ਦੇ ਬੀੜ ਲਈ ਬੜੀ ਮੁਸ਼ੱਕਤ ਤੋਂ ਬਾਅਦ ਪੰਜਾਬ ਸਰਕਾਰ ਤੋਂ ਆਇਆ 5 ਕਰੋੜ ਰੁਪਿਆ ਰਾਜਨੀਤੀ ਦੀ ਭੇਟ ਚੜ੍ਹ ਗਿਆ ਹੈ ਕਿਉਂਕਿ ਜੰਗਲਾਤ ਵਿਭਾਗ ਦੇ ਖਾਤੇ ’ਚ ਆਏ ਪੈਸੇ ਨੂੰ ਲੋਕ ਸਭਾ ਮੈਂਬਰ ਪਟਿਆਲਾ ਦੇ ਕਹਿਣ ’ਤੇ ਵਾਪਸ ਮੰਗਵਾ ਲਿਆ ਗਿਆ ਅਤੇ ਬੀੜ ਦੀ ਫੈਸਿੰਗ ’ਤੇ ਨਹੀਂ ਲੱਗਣ ਦਿੱਤਾ ਤਾਂ ਕਿ ਇਸ ਕੰਮ ਦਾ ਸਿਹਰਾ ਚੰਦੂਮਾਜਰਾ ਪਰਿਵਾਰ ਨੂੰ ਨਾ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਦੇਵੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੜੀ ਮੁਸ਼ੱਕਤ ਤੋਂ ਬਾਅਦ 5 ਕਰੋੜ ਰੁਪਏ ਗਣੇਸ਼ਪੁਰ ਬੀੜ ਨੇੜੇ ਦੇਵੀਗੜ੍ਹ ਲਈ ਮਨਜ਼ੂਰ ਕਰਵਾਏ ਸਨ ਪਰ ਉਸ ਵਿਚੋਂ 2 ਕਰੋੜ ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਨੂੰ ਦਿੱਤੇ ਸਨ ਪਰ ਉਹ ਵੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਕਹਿਣ ’ਤੇ ਇਹ ਪੈਸੇ ਜੰਗਲਾਤ ਵਿਭਾਗ ਤੋਂ ਸਰਕਾਰ ਨੇ ਵਾਪਸ ਕਰਵਾ ਲਏ, ਜਿਸ ਦਾ ਸਬੂਤ ਉਨ੍ਹਾਂ ਕੋਲ ਹੈ। ਇਸ ਤੋਂ ਇਲਾਵਾ ਦੁਧਨਸਾਧਾਂ ਸਬ-ਡਿਵੀਜ਼ਨ ਬਣੀ ਨੂੰ 5 ਸਾਲ ਹੋ ਚੁੱਕੇ ਹਨ ਪਰ ਇਥੇ ਅਜੇ ਤੱਕ ਪੂਰੇ ਅਧਿਕਾਰੀ ਨਹੀਂ ਬੈਠਦੇ।