ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਪਟਿਆਲਾ ਜ਼ਿਲੇ ਦੇ ਇੰਚਾਰਜ ਮੰਤਰੀ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪਟਿਆਲਾ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਉਨ੍ਹਾਂ ਕੇਂਦਰੀ ਸਕੀਮਾਂ ਦੇ ਫੰਡ 100 ਫੀਸਦੀ ਵਰਤੇ ਜਾਣੇ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਿਸੇ ਵੀ ਸਕੀਮ ਦੇ ਫੰਡ ਵਾਪਸ ਜਾਣ ਦੀ ਸੂਰਤ ’ਚ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇਗੀ। ਵਿਕਾਸ ਕੰਮਾਂ ’ਚ ਕੁਤਾਹੀ ਨਾ ਵਰਤੇ ਜਾਣ ਦੀ ਤਾਕੀਦ ਕਰਦਿਆਂ, ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਮੀਟਿੰਗ ਕਰਨ ਸਮੇਤ ਵਿਕਾਸ ਕੰਮਾਂ ਦੀ ਫ਼ਿਜੀਕਲ ਵੈਰੀਫਿਕੇਸ਼ਨ ਵੀ ਕਰਨਗੇ। ਇਸ ਲਈ ਅਧਿਕਾਰੀ ਵਿਕਾਸ ਕੰਮਾਂ ਦੀ ਗੁਣਵੱਤਾ ਤੇ ਵਰਤੀ ਜਾਣ ਵਾਲੀ ਸਮੱਗਰੀ ਦੇ ਮਿਆਰ ਦਾ ਖਾਸ ਖਿਆਲ ਰੱਖਣ। ਉਨ੍ਹਾਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਾਲੀਆਂ ਸਾਈਟਾਂ ਦੇ ਦੌਰੇ ਕਰਕੇ ਸਥਿਤੀ ਦਾ ਸਮੇਂ ਸਮੇਂ ਜਾਇਜਾ ਲੈਣ ਲਈ ਆਖਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਵਿੱਤ ਮੰਤਰੀ ਨੇ ਵੱਡੀ ਤੇ ਛੋਟੀ ਨਦੀ, ਨਵੇਂ ਬਣ ਰਹੇ ਬੱਸ ਸਟੈਂਡ, 24 ਘੰਟੇ ਨਹਿਰੀ ਪਾਣੀ, ਐਸ.ਟੀ.ਪੀਜ਼, ਡੇਅਰੀ ਪ੍ਰਾਜੈਕਟ, ਰਜਿੰਦਰਾ ਲੇਕ, ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਹੈਰੀਟੇਜ਼ ਸਟਰੀਟ, ਸੀਸੀਟੀਵੀ ਕੈਮਰੇ, ਸਪੋਰਟਸ ਯੂਨੀਵਰਸਿਟੀ ਸਮੇਤ ਸੜਕਾਂ ਤੇ ਕਈ ਹੋਰ ਮਹਿਕਮਿਆਂ ਦੇ ਪ੍ਰਾਜੈਕਟਾਂ ਦੀ ਸਮੀਖਿਆ ਵੀ ਕੀਤੀ।
ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਅੰਦਰ ਡਿਸਟਲਰੀਆਂ ਦਾ ਨਿਯਮਤ ਤੌਰ ’ਤੇ ਨਿਰੀਖਣ ਕੀਤਾ ਜਾਵੇ ਤੇ ਹੋਰ ਵਿਭਾਗਾਂ ਨੂੰ ਨਾਲ ਲੈ ਕੇ ਨਾਲ ਲੱਗਦੇ ਇਲਾਕਿਆਂ ਦੇ ਪਾਣੀ ਦੇ ਨਮੂਨੇ ਵੀ ਭਰੇ ਜਾਣ। ਹੜ੍ਹਾਂ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ,ਵਿੱਤ ਮੰਤਰੀ ਨੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਓਣ ਲਈ ਆਖਿਆ। ਸਿੰਜਾਈ ਵਿਭਾਗ ਨੂੰ ਨਹਿਰਾਂ ਤੇ ਸੂਇਆਂ ਦੇ ਮੋਘਿਆਂ ਨੂੰ ਡਿਜਾਇਨ ਮੁਤਾਬਕ ਪੁਖ਼ਤਾ ਕਰਨ ਤੇ ਬਨੂੜ ਕੈਨਾਲ ਦੇ ਕੰਮ ਵਿਚ ਤੇਜੀ ਲਿਆਉਣ ਦੇ ਆਦੇਸ਼ ਵੀ ਦਿੱਤੇ ਗਏ। ਉਨ੍ਹਾਂ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਕੀਤੀ।
ਆਬਕਾਰੀ ਵਿਭਾਗ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਜੀ.ਐਸ.ਟੀ. ਕੁਲੈਕਸ਼ਨ ਦੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਨ ਵਾਲਿਆਂ ਨੂੰ ਫੜਿਆ ਜਾਵੇ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਗੁਰਲਾਲ ਘਨੌਰ ਤੇ ਹਰਮੀਤ ਪਠਾਣਮਾਜਰਾ ਆਦਿ ਹਾਜ਼ਰ ਸਨ।