ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੂਨ
ਨੈਸ਼ਨਲ ਹਾਈਵੇਅ ’ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ੇ ਨੇੜਲੇ ਦੋ ਦਰਜਨ ਪਿੰਡਾਂ ਲਈ ਪਾਸ ਦੀ ਸੁਵਿਧਾ ਜਾਰੀ ਰੱਖਣ ਲਈ ਵਿੱਢੇ ਗਏ ਸੰਘਰਸ਼ ਨੂੰ ਆਖ਼ਰ ਬੂਰ ਪੈ ਗਿਆ ਹੈ। ਼ਜ਼ਿਕਰਯੋਗ ਹੈ ਕਿ ਨਵੀਂ ਆਈ ਕੰਪਨੀ ਵੱਲੋਂ ਇਹ ਸੁਵਿਧਾ ਵਾਪਸ ਲਏ ਜਾਣ ਕਾਰਨ ਕਿਸਾਨਾਂ ਨੇ ਪੂਰੇ 16 ਦਿਨ ਇਹ ਟੌਲ ਪਲਾਜ਼ਾ ਬੰਦ ਰੱਖਿਆ ਸੀ। ਇਸ ਦੌਰਾਨ ਕੰਪਨੀ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ।
ਅੱਜ ਕੰਪਨੀ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਾ। ਇਸ ਦੌਰਾਨ ਹੋਏ ਸਮਝੌਤੇ ਤਹਿਤ ਆਸੇ-ਪਾਸੇ ਪੈਂਦੇ 26 ਪਿੰਡਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਇਸ ਤਰ੍ਹਾਂ ਕਿਸਾਨਾਂ ਨੇ ਅਤਿ ਦੀ ਗਰਮੀ ਦੌਰਾਨ ਦਿਨ ਰਾਤ ਧਰਨਾ ਦੇ ਕੇ ਲੋਕਾਂ ਦੀ ਖਾਤਰ ਇਹ ਵੱਡੀ ਲੜਾਈ ਜਿੱਤੀ ਹੈ। ਉਂਜ ਫਰਾਖ਼ਦਿਲੀ ਦਿਖਾਉਣ ਵਾਲੇ ਕੰਪਨੀ ਪ੍ਰਬੰਧਕ ਵੀ ਸ਼ਲਾਘਾ ਦੇ ਪਾਤਰ ਹਨ। ਪਾਸ ਦੀ ਸੁਵਿਧਾ ਅਧੀਨ ਲਿਆਂਦੇ ਗਏ ਪਿੰਡਾਂ ਵਿੱਚ ਧਰੇੜੀ ਜੱਟਾਂ, ਦੌਣਕਲਾਂ, ਦੌਣਖੁਰਦ, ਮੁਰਾਦਪੁਰ, ਕੌਲੀ, ਆਲਮਪੁਰ, ਬਹਾਦਰਗੜ੍ਹ ਸੀਲ, ਜਲਾਲਪੁਰ, ਰਾਏਪੁਰ, ਮਿੱਠੂਮਾਜਰਾ, ਨਰੜੂ, ਘੁਮਾਣਾ ਚਪੜ, ਬੋਹੜਪੁਰ, ਜਨਹੇੜੀਆਂ, ਭਟੇੜੀਕਲਾਂ, ਭੱਠਲਾ, ਪੰਡਤਾਂ, ਚਮਾਰਹੇੜੀ, ਰਾਓਮਾਜਰਾ, ਲੱਖੋਮਾਜਰਾ, ਮੁਹੱਬਤਪੁਰ, ਸ਼ੰਕਰਪੁਰ, ਫਤਿਹਪੁਰ ਅਤੇ ਰਸੂਲਪੁਰ ਪਿੰਡ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਦੌਰਾਨ ਇਹ ਟੌਲ ਪਲਾਜ਼ਾ ਸਵਾ ਸਾਲ ਬੰਦ ਰਿਹਾ ਸੀ। ਇਸ ਮਗਰੋਂ ਕੰਪਨੀ ਅਤੇ ਕਿਸਾਨ ਆਗੂਆਂ ਦਰਮਿਆਨ ਦੋ ਦਰਜਨ ਪਿੰਡਾਂ ਨੂੰ ਮੁਫ਼ਤ ਪਾਸ ਦੀ ਸੁਵਿਧਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਹੁਣ ਨਵੀਂ ਆਈ ਕੰਪਨੀ ਨੇ ਪਾਸ ਸੁਵਿਧਾ ਖ਼ਤਮ ਕਰ ਦਿੱਤੀ ਸੀ ਜਿਸ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਨੇ 27 ਮਈ ਨੂੰ ਟੌਲ ਪਲਾਜ਼ੇ ’ਤੇ ਪੱਕਾ ਧਰਨਾ ਮਾਰ ਕੇ ਪਰਚੀ ਕੱਟਣ ਦੀ ਪ੍ਰਕਿਰਿਆ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤੀ ਸੀ। ਦੋ ਹਫਤੇ ਦੋਵੇਂ ਧਿਰਾਂ ਅੜੀਆਂ ਰਹੀਆਂ। ਇਸ ਦੌਰਾਨ ਜਿੱਥੇ ਕਿਸਾਨਾਂ ਨੇ ਦਿਨ ਰਾਤ ਗਰਮੀ ਤੇ ਧੁੱਪ ਪੱਕੀ ਉੱਥੇ ਹੀ ਕੰਪਨੀ ਨੇ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਝੱਲਿਆ।
ਡੀਐੱਸਪੀ ਆਰ ਸੁਖਮਿੰਦਰ ਸਿੰਘ ਚੌਹਾਨ ਅਤੇ ਐੱਸਡੀਐੱਮ ਇਸ਼ਮਤ ਵਿਜੈ ਸਿੰਘ ਸਮੇਤ ਕੁਝ ਹੋਰਾਂ ਵੱਲੋਂ ਜੁਟਾਏ ਯਤਨਾਂ ਨੂੰ ਅੱਜ ਉਸ ਵੇਲੇ ਬੂਰ ਪੈ ਗਿਆ ਜਦੋਂ ਛੱਬੀ ਪਿੰਡਾਂ ਲਈ ਮੁਫ਼ਤ ਪਾਸ ਦੀ ਸੁਵਿਧਾ ਦੇਣ ’ਤੇ ਦੋਵਾਂ ਧਿਰਾਂ ’ਚ ਸਹਿਮਤੀ ਬਣ ਗਈ। ਇਨ੍ਹਾਂ ਪਿੰਡਾਂ ਦੇ ਨਾਗਰਿਕਾਂ ਨੂੰ ਇੱਥੋਂ ਦੀ ਲੰਘਣ ਮੌਕੇ ਸਿਰਫ ਆਧਾਰ ਕਾਰਡ ਦਿਖਾਉਣਾ ਹੋਵੇਗਾ। ਬਾਕੀ ਕੋਈ ਪਰਚੀ ਨਹੀਂ ਲੱਗੇਗੀ। ਇਸ ਮਗਰੋਂ ਕਿਸਾਨਾਂ ਨੇ ਅੱਜ ਸ਼ਾਮੀਂ ਧਰਨਾ ਸਮਾਪਤ ਕਰ ਦਿੱਤਾ ਉੱਧਰ ਕੰਪਨੀ ਪ੍ਰਬੰਧਕਾਂ ਦੇ ਅਜਿਹੇ ਫ਼ੈਸਲੇ ਦੀ ਇਲਾਕੇ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਈ ਮੀਟਿੰਗ ਵਿੱਚ ਕੰਪਨੀ ਮੈਨੇਜਰ ਤੇ ਟੌਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਸਮੇਤ ਕਿਸਾਨ ਆਗੂ ਮਨਜੀਤ ਸਿੰਘ ਕੌਲੀ, ਇੰਦਰ ਮੋਹਨ ਘੁਮਾਣਾ,ਸਵਰਨ ਧਰੇੜੀ, ਮੱਖਣ ਸਿੰਘ ਦੌਣਕਲਾਂ, ਜਸਵਿੰਦਰ ਕੌਰ ਅਤੇ ਰਜਿੰਦਰ ਕੌਰ,ਗਿਆਨ ਰਾਏਪੁਰ ਤੇ ਜਸਦੇਵ ਨੂਗੀ ਸ਼ਾਮਲ ਹੋਏ।