ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਤੇ ਨਵਜੋਤ ਸਿੱਧੂ ਦੀ ਆਪਸੀ ਲੜਾਈ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਆਪਸੀ ਲੜਾਈ ਦੇ ਵਿੱਚ ਪੰਜਾਬ ਦਾ ਵਿਕਾਸ ਤੇ ਨੌਜਵਾਨਾਂ ਦਾ ਭਵਿੱਖ ਪੂਰੀ ਤਰ੍ਹਾਂ ਰੁਲ ਚੁੱਕਿਆ ਹੈ, ਜਿਸ ਨੂੰ ਬਚਾਉਣ ਲਈ ਅਕਾਲੀ ਦਲ-ਬਸਪਾ ਦਾ ਸੱਤਾ ‘ਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
ਸ੍ਰੀ ਰੱਖੜਾ ਨੇ ਆਖਿਆ ਕਿ ਕਾਂਗਰਸ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਗ੍ਰਹਿ ਵਿਭਾਗ ਛੱਡਣ ਦੇ ਬਿਆਨ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਜਾਂਦੀ ਹੈ ਕਿ ਉਹ ਵੀ ਨਵਜੋਤ ਸਿੰਘ ਸਿੱਧੂ ਦੀ ਫੋਕੀ ਬਿਆਨਬਾਜ਼ੀ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਹੁਣ ਚੰਗੀ ਤਰ੍ਹਾਂ ਪਤਾ ਚੱਲ ਚੁੱਕੀ ਹੈ ਕਿ ਕਾਂਗਰਸ ਦੇ ਪੱਲੇ ਹੁਣ ਕੁਝ ਨਹੀਂ ਰਿਹਾ। ਸ੍ਰੀ ਰੱਖੜਾ ਨੇ ਕਿਹਾ ਕਿ ਹੁਣ ਲੋਕਾਂ ਦਾ ਸਿੱਧੇ ਤੌਰ ’ਤੇ ਵਿਸ਼ਵਾਸ ਤੇ ਭਰੋਸਾ ਅਕਾਲੀ ਦਲ ਬਸਪਾ ਨੂੰ ਮਿਲ ਰਿਹਾ ਹੈ। ਇਸ ਲਈ ਲੋਕਾਂ ਦੇ ਪੂਰੇ ਸਹਿਯੋਗ ਨਾਲ ਅਕਾਲੀ ਦਲ ਬਸਪਾ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਰਿਕਾਰਡ ਜਿੱਤ ਨੂੰ ਦਰਜ ਕਰੇਗੀ ਅਤੇ ਲੋਕਾ ਂ ਨੂੰ ਇਨਸਾਫ਼ ਦਿਵਾਏਗੀ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਨੇਤਾ ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਕੁਲਵਿੰਦਰ ਸਿੰਘ ਵਿਕੀ ਰਵਾਜ ਸੀਨੀਅਰ ਅਕਾਲੀ ਨੇਤਾ ਆਦਿ ਹਾਜ਼ਰ ਸਨ।