ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਤਹਿਸੀਲ ਪਟਿਆਲਾ ਤੇ ਰਾਜਪੁਰਾ ਦਾ ਡੈਲੀਗੇਟ ਇਜਲਾਸ ਦੋਸਤੀ ਭਵਨ ਪਟਿਆਲਾ ਵਿੱਚ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਰਾਮ ਸਿੰਘ, ਅਮਰਜੀਤ ਸਿੰਘ ਘਨੌਰ ਤੇ ਬੀਬੀ ਸੰਤੋਸ਼ ਰਾਣੀ ਨੇ ਕੀਤੀ। ਇਸ ਮੌਕੇ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਦੌਰਾਨ ਰਾਮ ਸਿੰਘ ਨੂੰ ਪ੍ਰਧਾਨ, ਅਮਰਜੀਤ ਘਨੌਰ ਨੂੰ ਸਕੱਤਰ ਅਤੇ ਰਾਜ ਕਿਸ਼ਨ ਨੂੰ ਖਜ਼ਾਨਚੀ ਚੁਣਿਆ ਗਿਆ। ਸੂਬਾਈ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਵਿਸ਼ਵ ਬੈਂਕ ਤੋਂ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਦਿਆਂ ਦੇਸ਼ ਦੇ ਕੁਦਰਤੀ ਸਰੋਤ ਅਤੇ ਜਨਤਕ ਖੇਤਰ ਦੇ ਅਦਾਰੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਸੌਂਪ ਰਹੀ ਹੈ। ਮਹਿੰਗਾਈ ਕਾਰਨ ਗਰੀਬ ਅਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ਪਰ ਮੋਦੀ ਸਰਕਾਰ ਲੋਕਾਂ ਦਾ ਧਿਆਨ ਅਸਲੀ ਮੁਦਿਆਂ ਤੋਂ ਲਾਂਭੇ ਕਰਨ ਲਈ ਫ਼ਿਰਕੂ ਨਫ਼ਰਤ ਫੈਲਾਉਣ ਦਾ ਕੋਝਾ ਯਤਨ ਕਰ ਰਹੀ ਹੈ, ਜਿਸ ਖ਼ਿਲਾਫ਼ ਸੰਘਰਸ਼ ਦੀ ਲੋੜ ਹੈ। ਇਜਲਾਸ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਹਵਾਲੇ ਕਰਨ, ਡੈਮਾਂ ਦੀ ਸੁਰੱਖਿਆ ਐਕਟ 2021 ਰੱਦ ਕਰਨ, ਰੈਗੂਲਰ ਭਰਤੀ ਕਰਨ, ਔਰਤਾਂ, ਦਲਿਤਾਂ, ਘੱਟ ਗਿਣਤੀਆਂ ’ਤੇ ਹਮਲੇ ਬੰਦ ਕਰਨ ਅਤੇ ਝੋਨੇ ਦੀ ਲਵਾਈ ਲਈ ਸਮੇਂ ਸਿਰ ਬਿਜਲੀ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।