ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਪਰੈਲ
ਪਟਿਆਲਾ ਵਿੱਚ ਰੇਲਵੇ ਵਰਕਸ਼ਾਪ ਪੀਐੱਲਡਬਲਿਊ ਦੇ ਸਟੇਡੀਅਮ ਵਿੱਚ ਅੱਜ ਉਤਰ ਰੇਲਵੇ ਦੀਆਂ 7 ਜ਼ੋਨਾਂ ਦੀਆਂ ਟੀਮਾਂ ਦਾ ਕ੍ਰਿਕਟ ਟੂਰਨਾਮੈਂਟ ਹੋਇਆ। ਇਹ ਟੂਰਨਾਮੈਂਟ ਭਾਰਤ ਦੀ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸੀ। ਇਸ ਵੇਲੇ ਫ਼ਿਰੋਜ਼ਪੁਰ ਤੇ ਦਿੱਲੀ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਵਿੱਚ ਫ਼ਿਰੋਜ਼ਪੁਰ ਦੀ ਟੀਮ ਨੇ 68 ਦੌੜਾਂ ਨਾਲ ਦਿੱਲੀ ਦੀ ਟੀਮ ਨੂੰ ਹਰਾਇਆ।ਅੱਜ ਹੋਏ ਫਾਈਨਲ ਮੈਚ ਦੀ ਸ਼ੁਰੂਆਤ ਫ਼ਿਰੋਜ਼ਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਤੇ 147 ਦੌੜਾਂ ਬਣਾਈਆਂ। ਫ਼ਿਰੋਜ਼ਪੁਰ ਦੀ ਟੀਮ ਦੇ ਜੈਨਇੰਦਰ ਨੇ 37 ਤੇ ਵਿਕਰਮ ਨੇ 28 ਦੌੜਾਂ ਬਣਾਈਆਂ। ਦੂਜੇ ਪਾਸੇ ਦਿੱਲੀ ਦੀ ਟੀਮ ਨੇ 20 ਓਵਰਾਂ ਵਿੱਚ 79 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਦੇ ਪ੍ਰਦੀਪ ਭਾਤੀ ਨੇ 29 ਅਤੇ ਅਮਿਤ ਨੇ 22 ਦੌੜਾਂ ਬਣਾਈਆਂ। ਫ਼ਿਰੋਜ਼ਪੁਰ ਦੀ ਟੀਮ ਦੇ ਰਾਜੀਵ ਨੂੰ ਬਿਹਤਰੀਨ ਗੇਂਦਬਾਜ਼ ਅਤੇ ਜੈਨਇੰਦਰ ਨੂੰ ਬਿਹਤਰੀਨ ਬੱਲੇਬਾਜ਼ ਦਾ ਖ਼ਿਤਾਬ ਦਿੱਤਾ। ਮੁੱਖ ਮਹਿਮਾਨ ਕਪੂਰਥਲਾ ਆਰਸੀਐਫ ਦੇ ਮੁੱਖ ਪ੍ਰਬੰਧਕ ਅਸ਼ੇਹ ਅਗਰਵਾਲ ਨੇ ਜੇਤੂ ਟੀਮ ਨੂੰ ਸਨਮਾਨਿਤ ਕਰਦਿਆਂ ਟਰਾਫ਼ੀ ਪ੍ਰਦਾਨ ਕੀਤੀ।