ਪੱਤਰ ਪ੍ਰੇਰਕ
ਦੇਵੀਗੜ੍ਹ, 26 ਜੁਲਾਈ
ਥਾਣਾ ਜੁਲਕਾਂ ਅਧੀਨ ਪਿੰਡ ਰਸੂਲਪੁਰ ਉਰਫ ਦੋਂਦੀਮਾਜਰਾ ਵਿੱਚ ਪਤੀ ਦੀ ਲੜਾਈ ਤੋਂ ਤੰਗ ਆ ਕੇ ਪਤਨੀ ਵੱਲੋਂ ਆਤਮ-ਹੱਤਿਆ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਪੁਲੀਸ ਨੇ ਪਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਥਾਣਾ ਜੁਲਕਾਂ ਦੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਬਾਲਾ ਦੇ ਪਿੰਡ ਚੰਦਪੁਰਾ ਦੇ ਜੀਤ ਸਿੰਘ ਪੁੱਤਰ ਰਾਮ ਲੁਭਾਇਆ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਪਿੰਡ ਰਸੂਲਪੁਰ ਉਰਫ ਦੋਂਦੀਮਾਜਰਾ ਵਿੱਚ ਵਿਆਈ ਹੋਈ ਸੀ, ਜਿਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਪਤੀ ਸ਼ਮਸ਼ੇਰ ਸਿੰਘ ਪੁੱਤਰ ਫੂਲ ਚੰਦ ਉਸ ਨਾਲ ਲੜ ਕੇ ਖੇਤ ਵਿੱਚ ਚਲਾ ਗਿਆ ਹੈ। ਇਸ ਮਗਰੋਂ ਸ਼ਮਸ਼ੇਰ ਸਿੰਘ ਨੇ ਜੀਤ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਲੜਕੀ ਸੀਨਾ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਪਰ ਮੁਦਈ ਜੀਤ ਸਿੰਘ ਨੇ ਆਪਣੇ ਤੌਰ ’ਤੇ ਇਸ ਘਟਨਾ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਲੜਕੀ ਨੇ ਆਪਣੇ ਪਤੀ ਸ਼ਮਸ਼ੇਰ ਸਿੰਘ ਤੋਂ ਤੰਗ ਆ ਕੇ ਆਤਮ-ਹੱਤਿਆ ਕੀਤੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਸ਼ਮਸ਼ੇਰ ਸਿੰਘ ਪੁੱਤਰ ਫੂਲ ਚੰਦ ਵਿਰੁੱਧ ਧਾਰਾ 306 ਆਈ ਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।