ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 26 ਸਤੰਬਰ
ਥਾਣਾ ਸਦਰ ਦੀ ਪੁਲੀਸ ਨੇ ਪਿਓ-ਪੁੱਤਰ ਖ਼ਿਲਾਫ਼ ਦੋ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਸਦਰ ਦੀ ਪੁਲੀਸ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਊਰਨਾਂ ਤਹਿਸੀਲ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੁਨਰਦੀਪ ਸਿੰਘ ਅਤੇ ਨਰਿੰਦਰ ਸਿੰਘ ਵਾਸੀਆਨ ਵਰਕ ਸੈਂਟਰ ਕਲੋਨੀ ਰਾਜਪੁਰਾ ਨੇ ਸ਼ਿਕਾਇਤਕਰਤਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਕਰੀਬ 7 ਲੱਖ ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸੇ ਤਰ੍ਹਾਂ ਉਕਤ ਮੁਲਜ਼ਮਾਂ ਵੱਲੋਂ ਗੁਰਵਿੰਦਰ ਸਿੰਘ ਵਾਸੀ ਪਿੰਡ ਪਹਿਰ ਕਲਾਂ ਨੂੰ ਵੀ ਇਟਲੀ ਭੇਜਣ ਦਾ ਝਾਂਸਾ ਦੇ ਕੇ ਕਰੀਬ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਸਦਰ ਦੀ ਪੁਲੀਸ ਨੇ ਮਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਪੁਨਰਦੀਪ ਸਿੰਘ ਅਤੇ ਨਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਪਿੰਡ ਅਦਾਲਤੀਵਾਲਾ ਦੇ ਇੱਕ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਚਾਰ ਵਿਅਕਤੀਆਂ ਵੱਲੋਂ ਠੱਗੀ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਦਾਲਤੀਵਾਲਾ ਦੇ ਰਾਜਪਾਲ ਸਿੰਘ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਪਿੰਡ ਦੇ ਹੀ ਜਗਤਾਰ ਸਿੰਘ ਨਾਲ ਵਿਦੇਸ਼ ਜਾਣ ਦੀ ਗੱਲ ਕੀਤੀ ਸੀ, ਜਿਸ ਨੇ ਉਸ ਨੂੰ ਪਾਸਪੋਰਟ ਬਣਵਾ ਕੇ ਵਿਦੇਸ਼ ਭੇਜਣ ਬਾਰੇ ਆਖਦਿਆਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲੀਸ ਦੀ ਪੜਤਾਲ ਤੋਂ ਬਾਅਦ ਸਾਬਤ ਹੋਇਆ ਕਿ ਰਾਜਪਾਲ ਸਿੰਘ ਨਾਲ ਜਗਤਾਰ ਸਿੰਘ, ਲਵਪ੍ਰੀਤ ਸਿੰਘ, ਅਰਸ਼ਪ੍ਰੀਤ ਕੌਰ ਤੇ ਮਾਲਕ ਸਿੰਘ ਪਿੰਡ ਅਦਾਲਤੀਵਾਲਾ ਨੇ ਰਲ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ। ਥਾਣਾ ਜੁਲਕਾਂ ਦੀ ਪੁਲੀਸ ਨੇ ਇਨ੍ਹਾਂ ਚਾਰਾਂ ਵਿਅਕਤੀਆਂ ਖਿਲਾਫ਼ ਧਾਰਾ 420, 506, 120 ਬੀ ਤੇ 13 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।