ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 5 ਅਕਤੂਬਰ
ਖੇਤੀ ਕਾਨੁੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਸ਼ੰਭੂ-ਘਨੌਰ ਫਲਾਈਓਵਰ ਹੇਠਾਂ ਧਰਨਾ ਪੰਜਵੇਂ ਦਿਨ ਵੀ ਜਾਰੀ ਹੈ। ਇਸ ਦੀ ਅਗਵਾਈ ਕਿਸਾਨ ਆਗੂ ਗੁਰਬਖਸ਼ ਸਿੰਘ ਬਲਵੇੜਾ, ਹਜੂਰਾ ਸਿੰਘ ਮਿਰਜਾਂਪੁਰ, ਗੁਲਜਾਰ ਸਿੰਘ ਸਲੇਮਪੁਰ ਜੱਟਾਂ, ਸੁਖਦੇਵ ਸਿੰਘ ਬਠੋਈ ਅਤੇ ਰਣਜੀਤ ਸਿੰਘ ਆਕੜ ਅਤੇ ਅਕਾਲੀ ਆਗੂ ਲਾਲ ਸਿੰਘ ਮਰਦਾਂਪੁਰ ਸਾਂਝੇ ਤੌਰ ’ਤੇ ਕਰ ਰਹੇ ਹਨ।
ਇਸ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ਨੁੂੰ ਤਬਾਹ ਕਰਨ ਦੇ ਰਾਹ ਤੁਰ ਪਈ ਹੈ। ਇਸ ਸਰਕਾਰ ਵੱਲੋਂ ਪੰਜਾਬ ਦੀ ਖੇਤੀ ਅਤੇ ਮੰਡੀਆਂ ਨੂੰ ਅਡਾਨੀਆਂ ਅਤੇ ਅੰਬਾਨੀਆਂ ਸਣੇ ਹੋਰਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਸਹੀ ਮੁੱਲ ਨਹੀਂ ਮਿਲ ਸਕੇਗਾ। ਖੇਤੀਬਾੜੀ ਨਾਲ ਜੁੜੇ ਕਿਸਾਨ-ਮਜ਼ਦੂਰ, ਆੜ੍ਹਤੀ, ਟ੍ਰਾਂਸਪੋਰਟਰ ਅਤੇ ਹੋਰ ਕਾਰੋਬਾਰੀਆਂ ਦਾ ਕਾਰੋਬਾਰ ਖ਼ਤਮ ਹੋ ਜਾਵੇਗਾ। ਪੰਜਾਬ ਦੀ ਖੇਤੀ ਕਾਰਪੋਰੇਟ ਘਰਾਣਿਆਂ ਕੋਲ ਚਲੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਪੰਜਾਬ ਦੇ ਪਰਵੇਸ਼ ਦੁਆਰ ਰਾਹੀਂ ਰੇਲਾਂ ਦੀ ਆਵਾਜਾਈ ਠੱਪ ਰੱਖੀ ਜਾਵੇਗੀ। ਇਸ ਮੌਕੇ ਆਰ.ਐੱਸ. ਗਿੱਲ, ਰਾਜ ਕਿਸ਼ਨ ਨੂਰਖੇੜੀ, ਬ੍ਰਿਜ ਲਾਲ ਬਠੌਣੀਆਂ, ਗੁਰਦੀਪ ਸਿੰਘ ਰੁੜਕੀ, ਜਸਵੀਰ ਸਿੰਘ ਖੇੜਾ ਗੱਜੂ ਸਣੇ ਹੋਰ ਮੌਜੂਦ ਸਨ।
ਸ਼੍ਰੋਮਣੀ ਅਕਾਲੀ (ਅ) ਦਾ ਰੋਸ ਧਰਨਾ ਜਾਰੀ
ਰਾਜਪੁਰਾ: ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਪੰਜਾਬ ਦੇ ਪਰਵੇਸ਼ ਦੁਆਰ ਸ਼ੰਭੂ ਬੈਰੀਅਰ ’ਚ ਪਾਰਟੀ ਆਗੂਆਂ ਲਖਵੀਰ ਸਿੰਘ ਸੌਂਟੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਡਾਹਰੀਆ, ਬਲਜਿੰਦਰ ਸਿੰਘ ਲਸੋਈ, ਹਰਜੀਤ ਸਿੰਘ ਗੱਗੜਵਾਲ ਤੇ ਸੁਖਬੀਰ ਸਿੰਘ ਛਾਜਲੀ ਸਣੇ ਹੋਰਾਂ ਦੀ ਅਗਵਾਈ ’ਚ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਅਣਮਿਥੇ ਸਮੇਂ ਲਈ ਰੋਸ ਧਰਨਾ ਛੇਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਭੰਡਦਿਆਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਲਾਗੂ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮੋਦੀ ਸਰਕਾਰ ਵੱਲੋਂ ਅਡਾਨੀਆਂ, ਅੰਬਾਨੀਆਂ ਆਦਿ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਨੇ ਆਖਿਆ ਕਿ ਇਨ੍ਹਾਂ ਕਾਲੇ ਖੇਤੀ ਕਾਨੁੂੰਨਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨ, ਆੜ੍ਹਤੀ ਤੇ ਅਨਾਜ ਮੰਡੀਆਂ ਨਾਲ ਜੁੜੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋਣਗੇ।