ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 28 ਦਸੰਬਰ
ਸਬ ਡਵੀਜ਼ਨ ਦੁਧਨਸਾਧਾਂ ਦੇ ਏਰੀਆ ਵਿੱਚ ਯੂਰੀਆ ਖਾਦ ਦੀ ਭਾਰੀ ਕਿੱਲਤ ਹੈ। ਖਾਦ ਨਾ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ ਇੱਕ ਵਾਰ ਵੀ ਖਾਦ ਨਹੀਂ ਮਿਲੀ ਜਦੋਂਕਿ ਇਸ ਵੇਲੇ ਫ਼ਸਲਾਂ ਨੂੰ ਖਾਦ ਪਾਉਣੀ ਜ਼ਰੂਰੀ ਹੈ। ਕੁਝ ਕਿਸਾਨਾਂ ਨੂੰ ਫ਼ਸਲਾਂ ਅਗੇਤੀਆਂ ਹੋਣ ਕਾਰਨ ਖਾਦ ਤਾਂ ਮਿਲ ਗਈ ਸੀ ਪਰ ਯੂਰੀਆ ਦੇ ਇੱਕ ਥੈਲੇ ਨਾਲ ਨਦੀਨ ਨਾਸ਼ਕ ਦਵਾਈ ਲਾਜ਼ਮੀ ਮੜ੍ਹ ਦਿੱਤੀ ਹੈ ਜਦੋਂਕਿ ਯੂਰੀਆ ਖਾਦ ਦੇ ਇੱਕ ਥੈਲੇ ਦੀ ਕੀਮਤ ਸਰਕਾਰ ਵੱਲੋਂ 266 ਰੁਪਏ 50 ਪੈਸੇ ਨਿਰਧਾਰਤ ਕੀਤੀ ਗਈ ਹੈ ਪਰ ਇਸ ਦੇ ਉਲਟ ਬਾਜ਼ਾਰ’ਚ ਯੂਰੀਆ ਦੇ ਇੱਕ ਥੈਲੇ ਦਾ ਮੁੱਲ 275 ਰੁਪਏ ਤੱਕ ਵਸੂਲਿਆ ਜਾ ਰਿਹਾ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣ ਲਈ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਯੂਰੀਆ ਦੇ ਇੱਕ ਥੈਲੇ ਦਾ ਵਧ ਰੇਟ ਦੇਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਯੂਰੀਆ ਨਾਲ ਨਦੀਨ ਨਾਸ਼ਕ ਦਵਾਈ ਧੱਕੇ ਨਾਲ ਲੈਣੀ ਪੈ ਰਹੀ ਹੈ। ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਦੀ ਫਸਲ ਲਈ ਚਾਰ ਥੈਲੇ ਖਾਦ ਦੀ ਲੋੜ ਹੈ। ਉਹ ਖਾਦ ਲੈਣ ਲਈ ਜਦੋਂ ਦੁਕਾਨਦਾਰ ਕੋਲ ਗਏ, ਤਾਂ ਉਸਨੇ ਉਨ੍ਹਾਂ ਨੂੰ ਯੂਰੀਆ ਨਾਲ ਨਦੀਨ ਨਾਸ਼ਕ ਦਵਾਈ ਲਾਜ਼ਮੀ ਲੈਣ ਲਈ ਮਜਬੂਰ ਕੀਤਾ ਹੈ। ਕਿਸਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪਹਿਲਾਂ ਤਾਂ ਬਾਜ਼ਾਰ ’ਚ ਖਾਦ ਮਿਲਦੀ ਹੀ ਨਹੀਂ ਜੇ ਕਿਸੇ ਦੁਕਾਨ ’ਤੇ ਮਿਲਦੀ ਹੈ ਤਾਂ ਉਹ ਖਾਦ ਦਾ ਰੇਟ ਵੱਧ ਤੇ ਦਵਾਈ ਲਾਜ਼ਮੀ ਲੈਣ ਲਈ ਮਜ਼ਬੂਰ ਕਰਦਾ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਕੋਆਪ੍ਰੇਟਿਵ ਸੁਸਾਇਟੀ ਨਰੈਣਗੜ੍ਹ ਨੂੰ ਜਿੰਦਰਾ ਲਗਾ ਕੇ ਰੋਸ ਧਰਨਾ ਦਿੱਤਾ। ਕਿਸਾਨਾਂ ਨੇ ਸੁਸਾਇਟੀ ਦੇ ਸਕੱਤਰ ਕੁਲਵਿੰਦਰ ਸਿੰਘ ਖ਼ਿਲਾਫ਼ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ, ਮੀਤ ਪ੍ਰਧਾਨ ਜਗਦੇਵ ਸਿੰਘ ਘਰਾਚੋਂ, ਨਾਜ਼ਰ ਸਿੰਘ ਬਿਜਲਪੁਰ, ਉਂਕਾਰ ਸ਼ਰਮਾ, ਅੰਮ੍ਰਿਤਪਾਲ ਸਿੰਘ, ਪਿਆਰਾ ਸਿੰਘ ਪ੍ਰਧਾਨ ਤੇ ਮੇਜਰ ਸਿੰਘ ਨੇ ਦੱਸਿਆ ਕਿ ਬਿਜਲਪੁਰ, ਨਰੈਣਗੜ੍ਹ, ਬਾਸੀਅਰਖ ਤੇ ਰਾਮਗੜ੍ਹ ਪਿੰਡਾਂ ਦੀ ਸਾਂਝੀ ਸੁਸਾਇਟੀ ਦਾ ਸਕੱਤਰ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਹੈ, ਜਿਸ ਕਾਰਨ ਕਿਸਾਨ 20 ਦਸੰਬਰ ਤੋਂ ਧਰਨੇ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਅੱਜ ਸੁਸਾਇਟੀ ਨੂੰ ਜਿੰਦਰਾ ਲਾ ਦਿੱਤਾ ਗਿਆ। ਬਾਅਦ ਵਿੱਚ ਏਆਰ ਸੰਗਰੂਰ ਦੇ ਦਫ਼ਤਰ ਅੱਗੇ ਵੀ ਧਰਨਾ ਦਿੱਤਾ ਗਿਆ। ਇਸੇ ਦੌਰਾਨ ਏਆਰ ਕੁਨਾਲ ਖੁਰਾਣਾ ਵੱਲੋਂ ਸਬੰਧਤ ਕਰਮਚਾਰੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਤਿੰਨ ਸੁਸਾਇਟੀਆਂ ਖਾਦ ਤੋਂ ਬਿਲਕੁਲ ਸੱਖਣੀਆਂ
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਮਾਰਕਫੈੱਡ ਨੇ ਪਾਤੜਾਂ ਇਲਾਕੇ ਦੀਆਂ 32 ਸੁਸਾਇਟੀਆਂ ਵਿੱਚੋਂ 3 ਸੁਸਾਇਟੀਆਂ ਵਿੱਚ ਇੱਕ ਵੀ ਥੈਲਾ ਖਾਦ ਦਾ ਨਹੀਂ ਦਿੱਤਾ ਜਦੋਂਕਿ 2 ਸੁਸਾਇਟੀਆਂ ਵਿੱਚ ਨਾਮਾਤਰ ਖਾਦ ਭੇਜੀ ਗਈ ਹੈ। ਮਾਰਕਫੈੱਡ ਦੀ ਵਿਤਕਰੇਬਾਜ਼ੀ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਵਿਕਰੇਤਾ ਬਲੈਕ ’ਚ ਖਾਦ ਖਰੀਦਣੀ ਪੈ ਰਹੀ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਪਾਤੜਾਂ ਦੇ ਕੋਲ ਕੋਈ ਰੇਲਵੇ ਲਾਈਨ ਨਾ ਹੋਣ ਕਾਰਨ ਖਾਦ ਦੇ ਰੈਕ ਪੁਆਇੰਟ ਰਾਜਪੁਰਾ, ਪਟਿਆਲਾ ਤੇ ਨਾਭਾ ’ਚ ਹਨ। ਮਾਰਕਫੈੱਡ ਦੇ ਉੱਚ ਅਧਿਕਾਰੀ ਵਪਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਬ ਡਿਵੀਜ਼ਨ ਦੀਆਂ 32 ਸੁਸਾਇਟੀਆਂ ਨਾਲ ਵਿਤਕਰੇਬਾਜ਼ੀ ਕਰਕੇ ਸਿਰਫ 40% ਖਾਦ ਹੀ ਸਪਲਾਈ ਕੀਤੀ ਹੈ। ਜਿਨ੍ਹਾਂ ਵਿੱਚੋ ਦੁਗਾਲ ਕਲਾਂ, ਦੁਆਰਕਾਪੁਰ ਤੇ ਤੇਈਪੁਰ ਸੁਸਾਇਟੀ ਵਿੱਚ ਇੱਕ ਵੀ ਥੈਲਾ ਖਾਦ ਨਹੀਂ ਪਹੁੰਚੀ ਜਦੋਂਕਿ ਭੂਤਗੜ੍ਹ ’ਚ 550 ਤੇ ਕਾਂਗਥਲਾ ਸੁਸਾਇਟੀ ’ਚ ਸਿਰਫ਼ 275 ਥੈਲੇ ਖਾਦ ਪਹੁੰਚੀ ਹੈ। ਦੁਗਾਲ ਦੇ ਇੱਕ ਕਿਸਾਨ ਨੇ 330 ਰੁਪਏ, ਪਿੰਡ ਕਾਠ ਦੇ ਇਕ ਕਿਸਾਨ ਨੇ 300 ਰੁਪਏ ਨੂੰ ਪ੍ਰਤੀ ਥੈਲਾ ਯੂਰੀਆ ਖਾਦ ਖ਼ਰੀਦਣ ਦਾ ਦਾਅਵਾ ਕੀਤਾ ਹੈ ਜਦੋਂਕਿ ਥੈਲੇ ਦੀ ਕੀਮਤ 270 ਰੁਪਏ ਹੈ। ਛੋਟੇ ਡੀਲਰਾਂ ਨੇ ਦੱਸਿਆ ਹੈ ਕਿ ਖਾਦ ਦੀ ਬਲੈਕ ਅਤੇ ਖਾਦ ਨਾਲ ਕਮਾਈ ਵਾਲਾ ਸਾਮਾਨ ਜ਼ਬਰੀ ਥੋਪ ਕੇ ਮੋਟੀ ਕਮਾਈ ਤਾਂ ਖਾਦਾਂ ਦੇ ਥੋਕ ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ ਜਦੋਂਕਿ ਬਦਨਾਮੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਰ ਵੱਲੋਂ ਖਾਦ ਕੰਪਨੀਆਂ ਨੂੰ 50 ਫੀਸਦੀ ਯੂਰੀਆ ਮਾਰਕਫੈੱਡ ਰਾਹੀਂ ਸਹਿਕਾਰੀ ਸਭਾਵਾਂ ਨੂੰ ਦੇਣ ਲਈ ਕਹਿਣ ’ਤੇ ਖਾਦ ਕੰਪਨੀਆਂ ਨੇ ਖਾਦ ਦੀ ਸਪਲਾਈ ਹੀ ਬੰਦ ਕਰ ਦਿੱਤੀ ਸੀ। ਸਰਕਾਰ ਨੇ ਕੰਪਨੀਆਂ ’ਤੇ ਕਾਰਵਾਈ ਕਰਨ ਦੀ ਬਜਾਏ ਰੇਸ਼ੋ 50 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰ ਦਿੱਤੇ ਜਾਣ ਕਾਰਨ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨ ਚੰਗੀ ਕੁਆਲਿਟੀ ਦੀ ਖਾਦ ਤੋਂ ਵਾਂਝੇ ਹੋ ਰਹੇ ਹਨ। ਮਾਰਕਫੈੱਡ ਨੇ ਜ਼ਿਲ੍ਹਾ ਸੁਸਾਇਟੀਆਂ ਨੂੰ 40% ਖਾਦ ਮੁਹੱਈਆ ਕਰਵਾਈ ਹੈ। ਪਟਿਆਲਾ ਵਿੱਚ ਤੈਨਾਤ ਮੱਖਣ ਸਿੰਘ ਸੁਪਰਡੈਂਟ/ਖਾਦ ਸਪਲਾਈ ਅਫਸਰ ਨੇ ਵਾਰ ਵਾਰ ਸੰਪਰਕ ਕਰਨ ’ਤੇ ਫੋਨ ਨਹੀਂ ਚੁੱਕਿਆ। ਮਾਰਕਫੈੱਡ ਪਾਤੜਾਂ ਦੇ ਮੈਨੇਜਰ ਮਹਿੰਦਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਦੱਸਿਆ ਹੈ ਕਿ ਸੁਸਾਇਟੀਆਂ ਵੱਲੋਂ 5718.75 ਟਨ ਦੀ ਮੰਗ ਕੀਤੀ ਗਈ ਸੀ ਪਰ ਸਪਲਾਈ ਅਫਸਰ ਦੀਆਂ ਹਦਾਇਤਾਂ ਮੁਤਾਬਕ ਸੁਸਾਇਟੀਆਂ ਨੂੰ 2279.610 ਟਨ ਭਾਵ 40 ਪ੍ਰਤੀਸ਼ਤ ਸਪਲਾਈ ਕੀਤੀ ਜਾ ਚੁੱਕੀ ਹੈ।