ਪੱਤਰ ਪ੍ਰੇਰਕ
ਘਨੌਰ, 30 ਨਵੰਬਰ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਬਿੱਲ ਪਾਸ ਕੀਤੇ ਜਾਣ ਦੇ ਬਾਵਜੂਦ ਕਿਸਾਨੀ ਕਾਫਲਿਆਂ ਦਾ ਦਿੱਲੀ ਵੱਲ ਕੂਚ ਜਾਰੀ ਹੈ। ਇਸੇ ਦੌਰਾਨ ਪਿੰਡ ਹਰਪਾਲਪੁਰ ਤੋਂ ਸੰਤ ਬਾਬਾ ਜੈ ਸਿੰਘ ਦੀ ਅਗਵਾਈ ਵਿੱਚ ਕਿਸਾਨ ਰਜਿੰਦਰ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਕਰਮ ਸਿੰਘ, ਬਲਵੀਰ ਸਿੰਘ, ਸੁਰਿੰਦਰ ਸਿੰਘ, ਭਾਗ ਸਿੰਘ ਅਤੇ ਮੇਵਾ ਸਿੰਘ ’ਤੇ ਆਧਾਰਿਤ 57ਵਾਂ ਕਾਫਲਾ ਇਤਿਹਾਸਕ ਗੁਰਦਾਆਰਾ ਪਾਤਸ਼ਾਹੀ ਹਰਪਾਲਪੁਰ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਲ ਭਰ ਲੜੇ ਗਏ ਸ਼ਾਂਤਮਈ ਅੰਦੋਲਨ ਸਦਕਾ ਕੇਂਦਰ ਦੀ ਮੋਦੀ ਸਰਕਾਰ ਨੇ ਭਾਵੇਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ ਪਰ ਪ੍ਰੰਤੂ ਜਦੋਂ ਤਕ ਮੋਦੀ ਸਰਕਾਰ ਕਾਰਪੋਰੇਟਾਂ ਦਾ ਹੇਜ ਤਿਆਗ ਕੇ ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੰਦੀ ਅਤੇ ਕਿਸਾਨਾਂ ਖਿਲਾਫ ਦਰਜ ਕੇਸ ਰੱਦ ਕਰਨ ਸਮੇਤ ਹੋਰ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤਕ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।