ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਮਈ
ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਬਰਬਾਦੀ ਦਾ ਕਾਰਨ ਬਣਦੀ ਝੰਬੋ ਚੋਅ ਦੀ ਸਫ਼ਾਈ ਤੇ ਟੁੱਟ ਚੁੱਕੇ ਬੰਨ੍ਹਿਆ ਦੀ ਮੁਰੰਮਤ ਨਾ ਕਰਵਾਏ ਜਾਣ ਤੋਂ ਕਿਸਾਨ ਚਿੰਤਤ ਹਨ।
ਕਿਸਾਨ ਗੁਰਪਿੰਦਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਅੰਮਿ੍ਤਪਾਲ ਸਿੰਘ, ਸੁਰਜੀਤ ਸਿੰਘ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਇਸ ਡਰੇਨ ‘ਚ ਸਰਕਾਰ ਵਲੋਂ ਹਰ ਸਾਲ ਸਮੇਂ ਸਿਰ ਸਫ਼ਾਈ ਤੇ ਖਸਤਾ ਹਾਲਤ ਬੰਨ੍ਹਿਆ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ। ਬਰਸਾਤਾਂ ਦੇ ਸਮੇਂ ਤੋਂ ਕੁਝ ਦਿਨ ਪਹਿਲਾਂ ਸਰਕਾਰ ਵਲੋਂ ਸਫ਼ਾਈ ਲਈ ਜਾਰੀ ਰਾਸ਼ੀ ਨਾਲ ਖਾਨਾਪੂਰਤੀ ਕਰਕੇ ਵਿਭਾਗ ਚੱਲਦਾ ਬਣਦਾ ਹੈ । ਉਨ੍ਹਾਂ ਕਿਹਾ ਹੈ ਕਿ ਡਰੇਨ ਵਿਚ ਵੱਡੇ ਪੱਧਰ ‘ਤੇ ਜੰਗਲੀ ਬੂਟੀ ਤੇ ਕਈ ਦਰਖ਼ਤ ਵੀ ਡਿੱਗੇ ਹੋਏ ਹਨ ਜਿਹੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਡਾ ਅੜਿੱਕਾ ਬਣ ਕੇ ਹੜ੍ਹ ਦਾ ਕਾਰਨ ਬਣਨਗੇ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਸਮਾਂ ਰਹਿੰਦੇ ਡਰੇਨ ਦੀ ਸਫ਼ਾਈ ਤੇ ਬੰਨ ਮਜ਼ਬੂਤ ਨਾ ਕੀਤੇ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।
ਇਸ ਸਬੰਧੀ ਡਰੇਨ ਵਿਭਾਗ ਦੇ ਐਕਸੀਅਨ ਰਮਨਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਖਾਨਾਪੂਰਤੀ ਵਾਲੀ ਕੋਈ ਗੱਲ ਨਹੀਂ ਪਿਛਲੇ ਸਾਲ ਕਿਸਾਨਾਂ ਦੀ ਮਰਜ਼ੀ ਅਨੁਸਾਰ ਡਰੇਨ ਦੀ ਸਫ਼ਾਈ ਕਰਵਾਈ ਗਈ ਸੀ। ਇਸ ਵਾਰ ਵੀ ਬਜਟ ਪਾਸ ਹੁਣ ਉਪਰੰਤ ਟੈਂਡਰ ਹੋ ਚੁੱਕੇ ਹਨ । ਟੈਂਡਰ ਪਾਸ ਹੋਣ ਉਪਰੰਤ ਜੂਨ ਦੇ ਪਹਿਲੇ ਹਫ਼ਤੇ ਸਫ਼ਾਈ ਅਤੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।