ਪੱਤਰ ਪ੍ਰੇਰਕ
ਦੇਵੀਗੜ੍ਹ, 15 ਜੂਨ
ਪਾਵਰਕੌਮ ਵਿਭਾਗ ਵੱਲੋਂ ਕਿਸਾਨਾਂ ਨੂੰ ਬਿਜਲੀ ਮੁਆਫ ਕਰਨ ਦੀ ਬਜਾਏ ਘਰਾਂ ਦੇ ਮੀਟਰਾਂ ਦਾ ਲੋਡ ਵਧਾਉਣ ਦੇ ਨਾਂ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਲੋਕਾਂ ਨਾਲ ਧੱਕੇਸ਼ਾਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਇਤਿਹਾਸਕ ਗੁਰਦੁਆਰਾ ਮਗਰ ਸਾਹਿਬ ਵਿੱਚ ਸਾਹਿਬ ਸਿੰਘ ਬਾਜਵਾ ਸਰਕਲ ਪ੍ਰਧਾਨ ਜੁਲਕਾਂ ਅਤੇ ਸਾਹਿਬ ਸਿੰਘ ਮੌਹਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸ਼ਾਦੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਦੋ ਕਿਲੋਵਾਟ ਤੱਕ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਮਿਲੇਗੀ ਪਰ ਸਰਕਾਰ ਹੁਣ ਇਸ ਵਾਅਦੇ ਤੋਂ ਭੱਜਣ ਦਾ ਬਹਾਨਾ ਲਾ ਕੇ ਘਰ ਦੇ ਮੀਟਰਾਂ ਦਾ ਲੋਡ ਵਧਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ’ਤੇ ਕਾਇਮ ਰਹੇ ਨਹੀਂ ਤਾਂ ਸੰਘਰਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਸ਼ਾਦੀਪੁਰ ਨੇ ਝੋਨੇ ਦੇ ਸੀਜ਼ਨ ਦੌਰਾਨ ਮੋਟਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਨਹਿਰਾਂ ਦਾ ਪਾਣੀ ਵੀ ਟੇਲਾਂ ਤੱਕ ਪੁੱਜਣਾ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਮੂੰਗੀ ਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਿਸਾਨ ਇਸ ਦਾ ਸਖਤ ਨੋਟਿਸ ਲੈਣਗੇ। ਇਸ ਮੌਕੇ ਬਲਵਿੰਦਰ ਸਿੰਘ ਲਾਹੌਰੀਆ, ਤਰਸੇਮ ਸਿੰਘ ਧੀਮਾਨ, ਰਾਕੇਸ਼ ਕੁਮਾਰ ਖੇੜੀ, ਮੇਹਰ ਸਿੰਘ, ਲਖਵਿੰਦਰ ਸਿੰਘ ਬਾਜਵਾ, ਨਿਸ਼ਾਨ ਸਿੰਘ ਵਿਰਕ, ਸੇਵਾ ਸਿੰਘ ਬਾਜਵਾ, ਦਲੇਰ ਸਿੰਘ ਅਲੀਪੁਰ, ਦਿਲਬਾਗ ਸਿੰਘ ਚੀਮਾ ਸ਼ਾਮਲ ਸਨ।