ਜੈਸਮੀਨ ਭਾਰਦਵਾਜ
ਨਾਭਾ, 20 ਅਗਸਤ
ਅੱਜ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਨਾਭਾ ਦੇ ਅਨਾਜ ਮੰਡੀ ਤੋਂ ਲੈਕੇ ਪਟਿਆਲਾ ਗੇਟ ਤੱਕ ਧਰਮਸੋਤ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਉਸਦਾ ਪੁਤਲਾ ਵੀ ਸਾੜਿਆ ਗਿਆ। ਮਾਮਲਾ ਇਹ ਹੈ ਕਿ ਪਿਛਲੇ ਮਹੀਨੇ ਚਹਿਲ ਪਿੰਡ ਵਿੱਚ ਇੱਕ ਸੜਕ ਦੇ ਉਦਘਾਟਨ ਸਮੇਂ ਜਿੱਥੇ ਕਿਸਾਨ ਆਗੂਆਂ ਨੇ ਸਾਧੂ ਸਿੰਘ ਧਰਮਸੋਤ ਨੂੰ ਚੋਣ ਵਾਅਦਿਆਂ ਸੰਬੰਧੀ ਸਵਾਲ ਕੀਤੇ ਸਨ, ਉੱਥੇ ਹੀ ਸਹੌਲੀ ਪਿੰਡ ਤੋਂ ਇੱਕ ਮਹਿਲਾ ਆਗੂ ਰਣਜੀਤ ਕੌਰ ਨੇ ਧਰਮਸੋਤ ਨੂੰ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ, ਕਿਸਾਨੀ ਕਰਜ਼ੇ ਅਤੇ ਭਾਰੀ ਪੁਲੀਸ ਫੋਰਸ ਨਾਲ ਵੀਆਈਪੀ ਦੀ ਤਰ੍ਹਾਂ ਹਰ ਥਾਵੇਂ ਵਿਚਰਨ ਉੱਪਰ ਸਵਾਲ ਕੀਤੇ ਸਨ, ਜਿਸਦੀ ਵੀਡੀਓ ਸੋਸ਼ਲ ਮੀਡਿਆ ਉੱਪਰ ਖੂਬ ਵਾਇਰਲ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਸਵਾਲਾਂ ਦਾ ਜੁਆਬ ਦੇਣ ਦੀ ਥਾਂ ਬਾਅਦ ਵਿੱਚ ਇੱਕ ਚੈਨਲ ਨੂੰ ਇੰਟਰਵਿਊ ਦੌਰਾਨ ਧਰਮਸੋਤ ਨੇ ਉਸ ਮਹਿਲਾ ਆਗੂ ਖ਼ਿਲਾਫ਼ ਮੰਦੀ ਸ਼ਬਦਾਬਲੀ ਦਾ ਇਸਤੇਮਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਵਾਂ ਦੇ ਸਨਮਾਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰੀ ਧਰਮਸੋਤ ਵੱਲੋ ਮਹਿਲਾ ਆਗੂ ਵੱਲੋਂ ਅੰਦੋਲਨ ਲਈ ਢਾਲ ਇਕੱਠੀ ਕਰਨ ਨੂੰ ਲੋਕਾਂ ਤੋਂ ਪੈਸੇ ਠੱਗਣਾ ਦੱਸਿਆ ਅਤੇ ਕਿਹਾ ਕਿ ਉਹ ਜਨਰਲ ਘਰਾਣੇ ਤੋਂ ਹੋ ਕੇ ਦਲਿਤਾਂ ਲਈ ਸਵਾਲ ਚੁੱਕ ਰਹੀ ਸੀ ਅਤੇ ਇਸ ’ਤੇ ਮੰਤਰੀ ਵੱਲੋਂ ਮਹਿਲਾ ਖ਼ਿਲਾਫ਼ ਮੰਦੇ ਸ਼ਬਦ ਵਰਤੇ ਗਏ। ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਭਾਜਪਾ ਦੀ ਤਰ੍ਹਾਂ ਹੀ ਸਵਾਲਾਂ ਨੂੰ ਦੱਬਣ ਅਤੇ ਉਭਰ ਰਹੇ ਮਹਿਲਾ ਆਗੂਆਂ ਨੂੰ ਹਤਾਸ਼ ਕਰਨ ਦੇ ਮਕਸਦ ਨਾਲ ਧਰਮਸੋਤ ਨੇ ਸੋਸ਼ਲ ਮੀਡੀਆ ਉੱਪਰ ਕੁਝ ਕਾਂਗਰਸੀ ਵਰਕਰਾਂ ਦੀ ਟ੍ਰੋਲ ਆਰਮੀ ਬਣਾ ਕੇ ਰਣਜੀਤ ਕੌਰ ਖ਼ਿਲਾਫ਼ ਕੂੜ ਪ੍ਰਚਾਰ ਵੀ ਕੀਤਾ। ਇਸ ਮੌਕੇ ਰਣਜੀਤ ਕੌਰ ਸਹੌਲੀ ਨੇ ਕਿਹਾ ਕਿ ਉਨ੍ਹਾਂ ਇੱਕ ਆਗੂ ਹੋਣ ਦੇ ਨਾਤੇ ਦਲਿਤ ਵਿਦਿਆਰਥੀਆਂ ਦੇ ਹੱਕਾਂ ਦੇ ਸਵਾਲ ਚੁੱਕੇ ਸਨ ਅਤੇ ਚੋਣ ਵਾਅਦਿਆਂ ਸੰਬੰਧੀ ਨੁਮਾਇੰਦੇ ਜੁਆਬਦੇਹ ਵੀ ਹਨ। ਕਿਸਾਨਾਂ ਨੇ ਮੰਤਰੀ ਕੋਲੋਂ ਜਨਤਕ ਮੁਆਫੀ ਨਾ ਮੰਗੇ ਜਾਣ ਦੀ ਸੂਰਤ ਵਿੱਚ ਹਰ ਪਿੰਡ ਵਿੱਚੋਂ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ।