ਸ਼ਾਹਬਾਜ਼ ਸਿੰਘ
ਘੱਗਾ, 23 ਅਗਸਤ
ਘੱਗਾ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਨਿਸਰਨ ਕੰਢੇ ਪਹੁੰਚੀ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ, ਸੀਤ ਬਲਾਈਟ, ਗੋਭ ਵਾਲੀ ਸੁੰਡੀ ਆਦਿ ਕੀੜਿਆਂ ਦੇ ਹਮਲੇ ਦੇ ਖ਼ਦਸ਼ੇ ਕਾਰਨ ਸਪਰੇਅ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਬਾਰਿਸ਼ ਤੇ ਝਾਂਜੇ ਕਾਰਨ ਝੋਨੇ ਨੂੰ ਲੱਗੀ ਪੱਤਾ ਲਪੇਟ ਸੁੰਡੀ ਹੇਠਾਂ ਝੜ ਗਈ ਹੈ ਪਰ ਇਸ ਨਾਲ ਝੋਨੇ ਨੂੰ ਹੋਰ ਬਿਮਾਰੀਆਂ ਵੀ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਝੋਨੇ ਨੂੰ ਇਸ ਵੇਲੇ ਕਈ ਥਾਈਂ ਸੀਤ ਬਲਾਈਟ ਦੀ ਸ਼ਿਕਾਇਤ ਹੈ ਜਿਸ ਨਾਲ ਝੋਨੇ ਦੇ ਮੁਢਾਂ ਉੱਤੇ ਦਾਗ ਪੈਣ ਨਾਲ ਮੁੱਢ ਗਲਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਗੋਭ ਵਾਲੀ ਸੁੰਡੀ ਤੇ ਤੇਲੇ ਆਦਿ ਦੇ ਖ਼ਾਤਮੇ ਲਈ ਤਿੰਨ ਕਿਸਮ ਦੀਆਂ ਦਵਾਈਆਂ ਦੇ ਮਿਸ਼ਰਣ ਦਾ ਸਪਰੇਅ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਸੀਤ ਬਲਾਈਟ ਉੱਲੀ ਦੀ ਬਿਮਾਰੀ ਹੈ ਜਿਸ ਵਾਸਤੇ ਨੈਟਿਵੋ, ਪਲਸਰ ਤੇ ਐਮੀਸਟਾਰ ਆਦਿ ਦਵਾਈਆਂ ਦੀ ਮੁੱਖ ਤੌਰ ਉੱਤੇ ਵਰਤੋਂ ਕੀਤੀ ਜਾ ਰਹੀ ਹੈ ਜਦੋਂਕਿ ਸੁੰਡੀ ਲਈ ਫੇਮ ਆਦਿ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਥਾਇਆ ਤੇ ਹੋਰ ਤੇਲੇ ਦੀ ਦਵਾਈ ਪਾਈ ਜਾ ਰਹੀ ਹੈ। ਇਸ ਵੇਲੇ ਖੇਤਾਂ ’ਚ ਸਪਰੇਅ ਕਰਨ ਵਾਲੇ ਮਜ਼ਦੂਰਾਂ ਦੀ ਪੂਰੀ ਮੰਗ ਚੱਲ ਰਹੀ ਹੈ। ਇੰਜਣ ਵਾਲੀ 25 ਲਿਟਰ ਦੀ ਢੋਲੀ ਸਪਰੇਅ ਕਰਨ ਦੇ 30 ਤੋਂ 35 ਰੁਪਏ ਮਜ਼ਦੂਰੀ ਚੱਲ ਰਹੀ ਹੈ।