ਪੱਤਰ ਪ੍ਰੇਰਕ
ਲਹਿਰਾਗਾਗਾ, 23 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਬਲਾਕ ਲਹਿਰਾਗਾਗਾ ਦੀ ਪਿੰਡ ਨੰਗਲਾ ’ਚ ਬਲਾਕ ਖਜ਼ਾਨਚੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ, ਜਿਸ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਖ਼ਰੀਦ ਇੰਸਪੈਕਟਰ ਵੱਲੋਂ ਝੋਨੇ ਦੀ ਲਾਈ ਬੋਲੀ ਨੂੰ ਸ਼ੈੱਲਰ ਮਾਲਕ ਤੋਲਣ ਤੋਂ ਇਨਕਾਰ ਕਰ ਹਨ ਅਤੇ ਉਨ੍ਹਾਂ ਵੱਲੋਂ ਕਿਸਾਨ ਦੀ ਸੋਨੇ ਵਰਗੀ ਫ਼ਸਲ ਨੂੰ ਕਥਿਤ ਤੌਰ ’ਤੇ ਖਿਲਾਰ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਸ਼ੈੱਲਰ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐੱਫਸੀਆਈ ਵੱਲੋਂ ਖ਼ਰੀਦਿਆ ਝੋਨਾ ਫੌਰੀ ਚੁੱਕਣ ਦੀ ਮੰਗ ਕੀਤੀ।
ਉਧਰ, ਐੱਫਸੀਆਈ ਇੰਸਪੈਕਟਰ ਦਿਨੇਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ। ਅੱਜ ਹੀ ਨੰਗਲਾ ਅਨਾਜ ਮੰਡੀ ਨੂੰ ਦੋ ਸ਼ੈੱਲਰ ਅਲਾਟ ਕਰਵਾ ਕੇ ਵਿਕਿਆ ਝੋਨਾ ਚੁੱਕਵਾਉਣਗੇ। ਬੀਕੇਯੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਤਿਆਰ ਹੈ। ਇਸ ਮੌਕੇ ਲਖਵਿੰਦਰ ਸਿੰਘ ਡੂਡੀਆ, ਰਾਮਫਲ ਸਿੰਘ ਝਲੂਰ, ਮੁਖਤਿਆਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ, ਭੋਲਾ ਸਿੰਘ, ਨਿੱਕਾ ਸਿੰਘ, ਹਰਮੇਲ ਸਿੰਘ, ਚਮਕੋਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।