ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ,17 ਜਨਵਰੀ
ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ’’ਕਿਸਾਨ ਪਰੇਡ’’ ਦੀ ਅਭਿਆਸ ਵੱਜੋਂ ਅੱਜ ਇਸ ਖੇਤਰ ਵਿੱਚ ਕਿਸਾਨ ਆਗੂਆਂ ਮਨਪ੍ਰੀਤ ਸਿੰਘ ਨੱਤ ਨੀਲਪੁਰ, ਭੁਪਿੰਦਰ ਸਿੰਘ ਚਤਰਨਗਰ, ਜਸਵੰਤ ਸਿੰਘ ਖੇੜੀ ਗੰਡਿਆਂ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਵਿੱਚ ਸੈਕੜੇ ਟਰੈਕਟਰਾਂ ਨਾਲ ਲਾਮਬੰਦੀ ਮਾਰਚ ਕੱਢਿਆ ਗਿਆ। ਇਹ ਮਾਰਚ ਟਾਊਨ ਦੀ ਅਨਾਜ ਮੰਡੀ ਤੋਂ ਅਰੰਭ ਹੋ ਕੇ ਦਰਜਨਾਂ ਹੀ ਪਿੰਡਾਂ ਵਿੱਚੋਂ ਲੰਘਿਆ। ਇਸ ਮਾਰਚ ਵਿੱਚ ਸ਼ਾਮਿਲ ਟਰੈਕਟਰਾਂ ’ਤੇ ਸਵਾਰ ਕਿਸਾਨਾਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।ਇੱਥੋਂ ਨੇੜਲੇ ਪਿੰਡ ਖਾਨਪੁਰ ਬੜਿੰਗ ਵਾਸੀਆਂ ਵੱਲੋਂ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਮਾਜ ਸੇਵੀ ਬੰਟੀ ਸਿੰਘ ਖਾਨਪੁਰ, ਨਵਜੋਤ ਕੌਰ, ਅਰਮਾਨਦੀਪ ਸਿੰਘ ਅਤੇ ਕਮਲਦੀਪ ਸਿੰਘ ਬਿੱਟੂ ਦੀ ਅਗਵਾਈ ਵਿੱਚ ਚੇਤਨਾ ਮਾਰਚ ਕੱਢਿਆ ਗਿਆ।ਇਸ ਮਾਰਚ ਵਿੱਚ ਵੱਡੀ ਗਿਣਤੀ ਬੱਚਿਆਂ ਨੇ ਭਾਗ ਲਿਆ। ਚੇਤਨਾ ਮਾਰਚ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਮਰਿੰਦਰ ਪਰਤਾਪ ਸਿੰਘ (ਪੰਚ) ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਮੌਕੇ ਧਰਮ ਸਿੰਘ ਧਰਮਾ, ਸੁੱਚਾ ਸਿੰਘ, ਪਰਮਜੀਤ ਸਿੰਘ, ਇਸ਼ਪ੍ਰੀਤ ਸਿੰਘ, ਹਰਨੀਤ ਸਿੰਘ ਸਮੇਤ ਹੋਰ ਮੌਜੂਦ ਸਨ