ਪੱਤਰ ਪ੍ਰੇਰਕ
ਪਾਤੜਾਂ, 11 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਦੇ ਰੁਪਏ ਲੈ ਕੇ ਭੱਜੇ ਆੜ੍ਹਤੀਏ ਦੀ ਕੋਠੀ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਤੇ ਰਘਵੀਰ ਸਿੰਘ ਨੇ ਕਿਹਾ ਹੈ ਕਿ ਘਾਟੇ ਦਾ ਸੌਦਾ ਬਣ ਚੁੱਕੀ ਖੇਤੀ ਤੇ ਦੂਜੇ ਪਾਸੇ ਕਿਸਾਨਾਂ ਦੀ ਮਿਹਨਤ ਦੀ ਕਮਾਈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਬੈਂਕਾਂ ਵਿੱਚ ਗਹਿਣੇ ਰੱਖ ਕੇ ਠੱਗੀ ਮਾਰਨ ਵਾਲੇ ਕੁਝ ਆੜ੍ਹਤੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਾਤੜਾਂ ਦੇ ਇੱਕ ਆੜ੍ਹਤੀ ਵੱਲੋਂ ਪਿੰਡ ਡਰੌਲੀ ਦੇ ਕਿਸਾਨ ਬਿਸ਼ਨ ਸਿੰਘ ਦੇ 28 ਲੱਖ ਤੇ ਕਿਸ਼ਨ ਸਿੰਘ ਦੇ 4 ਲੱਖ ਦਿਵਾਉਣ ਲਈ ਕਿਸਾਨ ਜਥੇਬੰਦੀ ਨੇ ਉਪ ਪੁਲੀਸ ਕਪਤਾਨ ਪਾਤੜਾਂ ਰਸ਼ਪਾਲ ਸਿੰਘ ਢੀਡਸਾ ਨੂੰ ਇੱਕ ਦਰਖਾਸਤ ਦਿੱਤੀ ਸੀ, ਜਿਸ ’ਤੇ ਕੋਈ ਕਾਰਵਾਈ ਨਾ ਹੋਣ ’ਤੇ ਜਥੇਬੰਦੀ ਨੂੰ ਆੜ੍ਹਤੀਏ ਦੀ ਕੋਠੀ ਅੱਗੇ ਧਰਨਾ ਸ਼ੁਰੂ ਕਰਨਾ ਪਿਆ ਹੈ। ਉਨ੍ਹਾਂ ਕਿਹਾ ਹੈ ਕਿ ਆੜ੍ਹਤੀ ਨੇ ਕਿਸਾਨਾਂ ਤੋਂ ਲਏ ਪੈਸੇ ਸਮੇਤ ਵਿਆਜ ਨਾ ਮੋੜਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।