ਪੱਤਰ ਪ੍ਰੇਰਕ
ਪਾਤੜਾਂ, 9 ਦਸੰਬਰ
ਅਨਾਜ ਮੰਡੀ ਵਿਚ ਦੋ ਆੜ੍ਹਤੀ ਭਰਾ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਫ਼ਸਲ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ। ਪੁਲੀਸ ਨੇ ਸਬੰਧਤ ਕਿਸਾਨਾਂ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੀੜਤ ਕਿਸਾਨਾਂ ਨੇ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਪਾਤੜਾਂ ਤੋਂ ਆੜ੍ਹਤੀ ਤੇ ਖਾਦ ਵਿਕਰੇਤਾ ਭਰਾ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਰਾਤੋ ਰਾਤ ਫ਼ਰਾਰ ਹੋ ਗਏ ਸੀ।
ਪਿੰਡ ਹਰਿਆਊ ਦੇ ਕਿਸਾਨ ਲਾਲ ਸਿੰਘ, ਮੇਜਰ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ, ਪਾਲਾ ਸਿੰਘ, ਮੱਖਣ ਸਿੰਘ, ਸੋਹਣ ਸਿੰਘ, ਹਰਪਾਲ ਸਿੰਘ ਤੇ ਰੂਪ ਸਿੰਘ ਨੇ ਦੱਸਿਆ ਹੈ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੀ ਫ਼ਸਲ ਆੜ੍ਹਤੀਏ ਕੋਲ ਵੇਚਦੇ ਆ ਰਹੇ ਸੀ, ਇਸ ਵਾਰ ਉਨ੍ਹਾਂ ਜੀਰੀ ਦੀ ਫ਼ਸਲ ਵੀ ਇਨ੍ਹਾਂ ਵਿਅਕਤੀਆਂ ਦੀ ਆੜ੍ਹਤ ’ਤੇ ਵੇਚੀ ਸੀ। ਉਕਤ ਵਿਅਕਤੀ ਉਨ੍ਹਾਂ ਨੂੰ ਪੇਮੈਂਟ ਦੇਣ ਦੀ ਥਾਂ ਕੁਝ ਸਮਾਂ ਇੰਤਜ਼ਾਰ ਕਰਨ ਲਈ ਆਖਦੇ ਰਹੇ। ਹੁਣ ਮੁਲਜ਼ਮ ਕਈ ਪਿੰਡਾਂ ਦੇ ਕਿਸਾਨਾਂ ਦੇ ਕਰੀਬ ਦੋ ਕਰੋੜ ਰੁਪਏ ਲੈ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਝੋਨੇ ਦੀ ਰਾਸ਼ੀ ਨਾਲ ਉਨ੍ਹਾਂ ਆਪਣਾ ਪਰਿਵਾਰ ਚਲਾਉਣਾ ਸੀ ਤੇ ਬੱਚਿਆਂ ਦੇ ਵਿਆਹ ਵੀ ਕਰਨੇ ਸਨ।
ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਦਸਾਂ ਨਹੂੰਆਂ ਦੀ ਕਿਰਤ ਦੇ ਪੈਸੇ ਆੜ੍ਹਤੀ ਭਰਾਵਾਂ ਨੂੰ ਕਾਬੂ ਕਰਕੇ ਤੁਰੰਤ ਦਵਾਏ ਜਾਣ। ਇਸ ਬਾਰੇ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਨਾਲ ਗੱਲ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਡੀਐੱਸਪੀ ਪਾਤੜਾਂ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਕਿਸਾਨਾਂ ਦੇ ਬਿਆਨਾਂ ਦੇ ਆਧਾਰ ’ਤੇ ਪੜਤਾਲ ਕਰਕੇ ਛੇਤੀ ਹੀ ਇਨ੍ਹਾਂ ਆੜ੍ਹਤੀ ਭਰਾਵਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।