ਰਵੇਲ ਸਿੰਘ ਭਿੰਡਰ
ਪਟਿਆਲਾ, 8 ਮਈ
ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਵਿੱਚ ਕਰੋਨਾ ਕਾਰਨ ਲਗਾਏ ਹਫਤਾਵਾਰੀ ਲੌਕਡਾਊਨ ਤੇ ਹੋਰਨਾਂ ਪਾਬੰਦੀਆਂ ਖ਼ਿਲਾਫ਼ ਅੱਜ ਇਥੇ ਰੋਸ ਪ੍ਰਦਰਸ਼ਨ ਕੀਤੇ ਤੇ ਦੁਕਾਨਦਾਰਾਂ ਨੂੰ ਦੁਕਾਨਾ ਖੋਲ੍ਹਣ ਦੀ ਅਪੀਲ ਕੀਤੀ। ਇਸੇ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੇ ਇਸ ਸੱਦੇ ਨੂੰ ਲਗਪਗ ਅਣਡਿੱਠ ਕਰ ਦਿੱਤਾ। ਕਿਸਾਨ ਜਥਿਆਂ ਨੇ ਸ਼ਹਿਰ ਦੇ ਕਈ ਬਾਜ਼ਾਰਾਂ ’ਚ ਰੋਸ ਪ੍ਰਦਰਸ਼ਨ ਕਰਕੇ ਲੌਕਡਾਊਨ ਵਰਗੇ ਹਾਲਾਤ ਪੈਦਾ ਕਰਨ ਦੀ ਬਜਾਏ ਕਰੋਨਾ ਖ਼ਿਲਾਫ਼ ਠੋਸ ਤੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਉਠਾਈ।
ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਲੌਕਡਾਊਨ ਦੇ ਵਿਰੋਧ ’ਚ ਨਿੱਤਰੇ ਕਿਸਾਨੀ ਜਥੇ ਨੂੰ ਸਿਰੋਪਾ ਭੇਟ ਕੀਤਾ ਪਰ ਉਹ ਕਿਸਾਨ ਜਥਿਆਂ ਨਾਲ ਬਹੁਤਾ ਚਿਰ ਚੱਲ ਨਾ ਸਕੇ। ਕਿਸਾਨ ਕਾਰਕੁਨ ਅਵਤਾਰ ਸਿੰਘ ਕੌਰਜੀਵਾਲਾ ਤੇ ਸਾਬਕਾ ਅਧਿਆਪਕ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਪਹਿਲਾਂ ਸ਼ੇਰਾਂਵਾਲਾ ਗੇਟ ’ਤੇ ਇਕੱਤਰ ਹੋਏ ਤੇ ਮਗਰੋਂ ਉਨ੍ਹਾਂ ਅਨਾਰਦਾਨਾ ਚੌਕ ਤੇ ਹੋਰ ਬਾਜ਼ਾਰਾਂ ’ਚ ਰੋਸ ਪ੍ਰਦਰਸ਼ਨ ਕੀਤਾ। ਦਵਿੰਦਰ ਸਿੰਘ ਪੂਨੀਆ ਨੇ ਆਖਿਆ ਕਿ ਅਸਲ ’ਚ ਦੁਕਾਨਦਾਰਾਂ ਕਰੋਨਾ ਦੇ ਖੌਫ਼ ਕਾਰਨ ਕਿਸਾਨਾਂ ਦੇ ਸਮਰਥਨ ਵਿੱਚ ਨਹੀਂ ਆ ਸਕੇ। ਉਨ੍ਹਾਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਰੋਨਾਂ ਦੀ ਆੜ ਹੇਠ ਤਾਲਾਬੰਦੀ ਜਾਂ ਕਰਫਿਊ ਵਰਗੇ ਹਾਲਾਤ ਪੈਦਾ ਕਰਨ ਦੀ ਬਜਾਏ ਕਰੋਨਾ ਦੇ ਸਾਰਥਿਕ ਹੱਲ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ। ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਤੋਂ ਪਾਬੰਦੀਆਂ ਦੀਆਂ ਨਵੀਆਂ ਹਦਾਇਤਾਂ ਦੀ ਅਲੋਚਨਾ ਕੀਤੀ।
ਕੈਪਟਨ ਦੀ ਤਕਰੀਰ ਚਰਚਾ ਵਿੱਚ ਰਹੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਪੰਜਾਬ ਦੀ ਜਨਤਾ ਨਾਲ ਕੀਤੀ ਤਕਰੀਰ ’ਚ ਅੱਜ ਦੇ ਸੰਯੁਕਤ ਕਿਸਾਨ ਮੋਰਚੇ ਦੇ ਲੌਕਡਾਊਨ ਵਿਰੋਧੀ ਪ੍ਰੋਗਰਾਮ ਨੂੰ ਅੰਦਰਖਤੇ ਕਥਿਤ ਤੌਰ ’ਤੇ ਟਾਰਗੇਟ ਕਰਨ ਦੀ ਅੱਜ ਚਰਚਾ ਕਾਫੀ ਮਘੀ ਰਹੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਸ਼ਹਿਰ ’ਚ ਮੋਟਰਸਾਈਕਲ ਮਾਰਚ ਕੀਤਾ। ਮੁਜ਼ਾਹਰਾਕਾਰੀਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਬੇਨਤੀ ਕੀਤੀ। ਸ਼ਹਿਰ ਦੀ ਵੱਖ ਵੱਖ ਥਾਵਾਂ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਜਨਰਲ ਸਕੱਤਰ ਹਰਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ, ਕਾਮਰੇਡ ਲਛਮਣ ਸਿੰਘ ਅਲੀਸ਼ੇਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਭੀਮ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ ਦੇ ਬਲਵਿੰਦਰ ਸਿੰਘ ਖੰਡੇਬਾਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਦੀ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਜਲੂਰ, ਬਿਜਲੀ ਮੁਲਾਜ਼ਮ ਗੁਰਚਰਨ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਰੋਸ ਮਾਰਚ ਮੂਨਕ ਖਨੌਰੀ ਲਈ ਰਵਾਨਾ ਹੋਇਆ।
ਸਮਾਣਾ (ਸੁਭਾਸ਼ ਚੰਦਰ): ਸੰਯੁਕਤ ਕਿਸਾਨ ਮੋਰਚੇ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਧਰਨੇ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ੇਰ ਸਿੰਘ ਕਾਕੜਾ ਤੇ ਹੋਰਨਾਂ ਨੇ ਕਿਹਾ ਕਿ ਸਰਕਾਰ ਕਰੋਨਾ ਵਿਰੁੱਧ ਲੜਨ ਵਿੱਚ ਅਸਫਲ ਰਹੀਆਂ ਹਨ।