ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਾਰਚ
ਕੇਂਦਰੀ ਹਕੂਮਤ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫ਼ੈਸਲੇ ਦਾ ਨੋਟਿਸ ਲੈਂਦਿਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਣੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਡੀਸੀ ਦਫ਼ਤਰ ਪਟਿਆਲਾ ਰਾਹੀਂ ਰਾਸ਼ਟਰਪਤੀ ਅਤੇ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਭੇਜਿਆ ਹੈ। ਇਸ ਮੌਕੇ ਹੀ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਛਿੱਕੇ ਟੰਗ ਕੇ ਸੂਬਿਆਂ ਦੇ ਅਧਿਕਾਰਾਂ ’ਤੇ ਛਾਪਾ ਮਾਰਿਆ ਜਾ ਰਿਹਾ ਹੈ। ਕਿਸਾਨ ਵਫ਼ਦ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਕੇਂਦਰ ਸਰਕਾਰ ਫ਼ੈਸਲੇ ਨੂੰ ਰੱਦ ਕਰਦਿਆਂ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕਰੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਕੇਂਦਰ ਨੂੰ ਐਤਕੀਂ ਪੰਜਾਬ ਅਤੇ ਹਰਿਆਣਾ ਵਾਸੀਆਂ ਦੇ ਹੋਰ ਵੀ ਵਧੇਰੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ, ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਅਵਤਾਰ ਸਿੰਘ ਕੌਰਜੀਵਾਲਾ, ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ ਮਜਾਲ, ਬਲਾਕ ਭਾਦਸੋਂ ਦੇ ਪ੍ਰਧਾਨ ਗੁਰਜੰਟ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਅਤੇ ਜਨਰਲ ਅਦਾਰਿਆਂ ਨਾਲ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਚੰਡੀਗੜ੍ਹ ਦੇ ਬਿਜਲੀ ਬੋਰਡ ਨੂੰ ਵੇਚਣ ਦੀ ਉਨ੍ਹਾਂ ਨਿਖੇਧੀ ਕੀਤੀ। ਵਿਦਿਅਕ ਅਦਾਰਿਆਂ ਵਿੱਚ ਧਾਰਮਿਕ ਪਹਿਰਾਵੇ ’ਤੇ ਰੋਕ ਲਾਉਣ ਦੀ ਵੀ ਉਨ੍ਹਾਂ ਨਿਖੇਧੀ ਕੀਤੀ। ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐਸਸੀ ਵੱਲੋਂ ਕਿਤਾਬਾਂ ਵਿੱਚ ਪੰਜਾਬ ਦੇ ਇਤਿਹਾਸ ਨਾਲ ਕੀਤੀ ਜਾ ਰਹੀ ਛੇੜਛਾੜ ਬੰਦ ਕਰ ਕੇ ਪੁਰਾਣੀਆਂ ਕਿਤਾਬਾਂ ਹੀ ਲਾਗੂ ਕੀਤੀਆਂ ਜਾਣ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮੁਜ਼ਾਹਰੇ
ਪਾਤੜਾਂ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਵੱਲੋਂ ਦਰਜਨ ਦੇ ਕਰੀਬ ਪਿੰਡਾਂ ਵਿੱਚ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੁੱਸੇ ਦਾ ਇਜ਼ਹਾਰ ਕੀਤਾ। ਪਿੰਡ ਸ਼ੇਰਗੜ੍ਹ, ਸ਼ੁਤਰਾਣਾ, ਸ਼ੁਤਰਾਣਾ ਅੱਡਾ, ਦੁਤਾਲ, ਗੋਬਿੰਦਪੁਰਾ ਪੈਂਦ, ਤੇਈਪੁਰ, ਹਰਿਆਊ ਖੁਰਦ, ਦੁਗਾਲ ਅਤੇ ਧੂਹੜ ਵਿਚ ਕੀਤੇ ਮੁਜ਼ਾਹਰਿਆ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਹਥਿਆਉਣ ਲਈ ਕੇਂਦਰ ਵੱਲੋਂ ਵਰਤੀਆਂ ਜਾ ਰਹੀਆਂ ਚਾਲਾਂ ਨੂੰ ਸੂਬੇ ਦੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਸੂਬੇਦਾਰ ਨਰਾਤਾ ਸਿੰਘ, ਸਾਹਿਬ ਸਿੰਘ ਦੁਤਾਲ, ਕੁਲਵੰਤ ਸਿੰਘ ਸ਼ੇਰਗੜ੍ਹ, ਸ਼ੁਬੇਗ ਸਿੰਘ ਸ਼ੁਤਰਾਣਾ, ਜਲੰਧਰ ਸਿੰਘ, ਬੁੱਢਾ ਸਿੰਘ ਦੁਤਾਲ, ਲਾਭ ਸਿੰਘ ਦੁਗਾਲ, ਜੋਗਿੰਦਰ ਸਿੰਘ ਪੈਂਦ, ਮੇਜਰ ਸਿੰਘ ਗੁਲਾਹੜ ਅਤੇ ਮਨਜੀਤ ਸਿੰਘ ਤੇਈਪੁਰ ਆਦਿ ਹਾਜ਼ਰ ਸਨ।
ਕਿਸਾਨ ਯੂਨੀਅਨ ਸਿੱਧੂਪੁਰ ਨੇ ਭਾਜਪਾ ਦਾ ਪੁਤਲਾ ਫੂਕਿਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਤੇ ਹਰਿਆਣਾ ਦੀ ਸ਼ਰਤੀਆ ਨੁਮਾਇੰਦਗੀ ਖ਼ਤਮ ਕਰਨ ਦੇ ਵਿਰੋਧ ਵਿਚ ਭਾਜਪਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਇਕੱਤਰ ਕਿਸਾਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਡੀਸੀ ਸੰਗਰੂਰ ਰਾਹੀਂ ਮੰਗ ਪੱਤਰ ਰਾਸ਼ਟਰਪਤੀ ਦੇ ਨਾਂਅ ਭੇਜਿਆ।