ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਇਥੋਂ ਅਰਬਨ ਅਸਟੇਟ ਦੇ ਤਿੰਨੋਂ ਫ਼ੇਜ਼ਾਂ ‘ਤੇ ਆਧਾਰਤ “ਅਰਬਨ ਅਸਟੇਟ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਸੰਘਰਸ਼ ਕਮੇਟੀ” ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਅੱਜ ਟਰੈਕਟਰ ਮਾਰਚ ਕੀਤਾ। ਸੈਂਕੜੇ ਟਰੈਕਟਰਾਂ, ਕਾਰਾਂ, ਜੀਪਾਂ, ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਾਰਚ ਖੇਤੀਬਾੜੀ ਵਿਭਾਗ ਦੇ ਸਾਬਕਾ ਅਧਿਕਾਰੀ ਬਲਵਿੰਦਰ ਸਿੰਘ ਸੋਹਲ, ਐਸਕੌਰਟਸ ਫੈਕਟਰੀ ਦੇ ਨਰਿੰਦਰ ਸਿੰਘ ਰਾਣੂ, ਕਿਸਾਨ ਆਗੂ ਭੁਪਿੰਦਰ ਸਿੰਘ ਸ਼ੇਖੂਪੁਰਾ ਅਤੇ ਆਲ ਇੰਡੀਆ ਰੇਡੀਓ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਸਮੇਤ ਕਈ ਹੋਰਨਾਂ ਦੀ ਅਗਵਾਈ ਹੇਠ ਕੀਤਾ ਗਿਆ।
ਨਰਿੰਦਰ ਰਾਣੂ ਨੇ ਦੱਸਿਆ ਕਿ ਅਰਬਨ ਅਸਟੇਟ ਵਿਚਲੇ ਕਿਸਾਨ ਪਾਰਕ ਤੋਂ ਸ਼ੁਰੂ ਹੋ ਕੇ ਇਹ ਮਾਰਚ ਅਰਬਨ ਅਸਟੇਟ ਫੇਸ ਵੰਨ, ਟੂ, ਥ੍ਹੀ, ਪਿੰਡ ਥੇੜੀ ਅਤੇ ਮਹਿਤਾ ਕਲੋਨੀ ਤੋਂ ਹੁੰਦਾ ਹੋਇਆ ਪੁੱਡਾ ਦਫ਼ਤਰ ਦੇ ਸਾਹਮਣੇ ਸਮਾਪਤ ਹੋਇਆ। ਸਮਾਪਤੀ ਮੌਕੇ ਰੈਲੀ ਵੀ ਕੀਤੀ ਗਈ, ਜਿਸ ਦੌਰਾਨ ਬੁਲਾਰਿਆਂ ਨੇ ਕੇਂਦਰ ਦੇ ਅੜੀਅਲ ਰਵੱਈਏ ਦੀ ਨਿੰਦਾ ਕੀਤੀ ਗਈ।