ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 31 ਮਾਰਚ
ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਅਤੇ ਛਾਜਲੀ ਦੇ ਰੇਲਵੇ ਸਟੇਸ਼ਨਾਂ ’ਤੇ ਗੱਡੀਆਂ ਦੇ ਠਹਿਰਾਓ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਛਾਜਲੀ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਗੱਡੀਆਂ ਰੋਕਣ ਦੀ ਮੰਗ ਕੀਤੀ ਗਈ। ਧਰਨੇ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਵਾਰੀ ਗੱਡੀਆਂ ਬੰਦ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ। ਲੋਕਾਂ ਨੂੰ ਆਉਣ ਜਾਣ ਲਈ ਅਤੇ ਲੁਧਿਆਣਾ ਤੇ ਧਾਰਮਿਕ ਸਥਾਨ ਅੰਮ੍ਰਿਤਸਰ ਜਾਣ ਲਈ ਬੱਸਾਂ ’ਤੇ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਦਿੰਦਿਆਂ ਕਿਹਾ ਕਿ ਪੈਸੰਜਰ ਗੱਡੀਆਂ ਦਾ ਮੁਕੰਮਲ ਠਹਿਰਾਓ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛਾਜਲੀ ਅਤੇ ਸੁਨਾਮ ਦੇ ਰੇਲਵੇ ਸਟੇਸ਼ਨਾਂ ਤੋਂ ਵੱਡੀ ਗਿਣਤੀ ਵਿਚ ਸਵਾਰੀਆਂ ਦੀ ਆਵਾਜਾਈ ਹੈ। ਬੁਲਾਰਿਆਂ ਨੇ ਲੰਬੀ ਵਿਖੇ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ ਉਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਦੀ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਇਸ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਫਸਰ ਅਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸੁਨਾਮ ਬਲਾਕ ਦੇ ਆਗੂ ਸੁਖਪਾਲ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਗਗਨਦੀਪ ਸਿੰਘ ਚੱਠਾ, ਹਰੀ ਸਿੰਘ ਛਾਜਲੀ, ਗੁਰਸੇਵਕ ਸਿੰਘ ਛਾਜਲੀ, ਪਾਲਾ ਸਿੰਘ ਛਾਜਲਾ, ਗੁਰਦੀਪ ਸਿੰਘ ਛਾਜਲਾ, ਸਨੀ ਛਾਜਲੀ, ਸੁਖਜਿੰਦਰ ਸਿੰਘ ਛਾਜਲੀ, ਮਨੀ ਭੈਣੀ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਮੇਲੋ ਕੌਰ ਭੈਣੀ, ਕਰਮਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਹਿਲਾਵਾਂ ਸ਼ਾਮਲ ਸਨ।