ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਅਕਤੂਬਰ
ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਯੂਨੀਅਨਾਂ ਵੱਲੋਂ ਬੰਦ ਕੀਤੀ ਰੇਲ ਆਵਾਜਾਈ ਤੇ ਹੁਣ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਰੇਲ ਵਿਭਾਗ ਵੱਲੋਂ ਬੰਦ ਕੀਤੀਆਂ ਮਾਲ ਗੱਡੀਆਂ ਦੀ ਆਵਾਜਾਈ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਨੇ ਹਾੜੀ ਲਈ ਖਾਦ ਦੀ ਸੰਭਾਵੀ ਘਾਟ ਵੇਖਦੇ ਹੋਏ ਯੂਰੀਆ ਖਾਦ ਲੈਣ ਲਈ ਹਰਿਆਣਾ ਦੀਆਂ ਸਰਹੱਦੀ ਮੰਡੀਆਂ ਵੱਲ ਚਾਲੇ ਪਾ ਦਿੱਤੇ ਹਨ।
ਪੰਜਾਬ ਨਾਲ ਲੱਗਦੇ ਹਰਿਆਣਾ ਦੇ ਸਰਹੱਦੀ ਸ਼ਹਿਰ ਗੂਹਲਾ, ਚੀਕਾ, ਖਰਕਾਂ, ਕੈਥਲ, ਟੋਹਾਣਾ, ਜਾਖ਼ਲ ਆਦਿ ਸ਼ਹਿਰਾਂ ’ਚੋਂ ਯੂਰੀਆ ਖਾਦ ਆਮ ਮਿਲਣ ਕਾਰਨ ਕਿਸਾਨ ਰੋਜ਼ਾਨਾ ਦਰਜਨਾਂ ਟਰੈਕਟਰ ਟਰਾਲੀਆਂ ਯੂਰੀਆ ਖਾਦ ਦੀਆਂ ਭਰ ਕੇ ਲਿਆ ਰਹੇ ਹਨ। ਹਰਿਆਣਾ ਦੀਆਂ ਮੰਡੀਆਂ ’ਚੋਂ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਹੀ ਨਹੀਂ, ਸਗੋਂ ਇਨ੍ਹਾਂ ਮੰਡੀਆਂ ’ਚੋਂ 60-70 ਕਿਲੋਮੀਟਰ ਦੂਰ ਦੇ ਕਿਸਾਨ ਹਰਿਆਣਾ ’ਚੋਂ ਖਾਦ ਲਿਆ ਰਹੇ ਹਨ। ਝੋਨੇ ਦੀ ਕਟਾਈ ਮਗਰੋਂ ਭਾਵੇਂ ਅਜੇ ਪੰਜਾਬ ’ਚ ਕਣਕ ਦੀ ਬਿਜਾਈ ਵੀ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਈ ਫਿਰ ਵੀ ਕਿਸਾਨ ਖਾਦ ਦੀ ਘਾਟ ਦੇ ਖ਼ਦਸ਼ੇ ਨੂੰ ਮੁੱਖ ਰੱਖ ਕੇ ਹੁਣੇ ਹੀ ਯੂਰੀਆ ਖਾਦ ਖ਼ਰੀਦਣ ਲਈ ਹਰਿਆਣਾ ਵਿਚਲੇ ਆਪਣੇ ਸਾਕ ਸਬੰਧੀਆਂ ਨਾਲ ਤਾਲਮੇਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਲਈ ਪੰਜਾਬ ’ਚ ਪਹਿਲਾਂ ਹੀ ਯੂਰੀਆ ਖਾਦ ਦੀ ਘਾਟ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਡੀਸੀਜ਼ ਰਾਹੀਂ ਖਾਦ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਜਿਸ ਤਹਿਤ ਸੂਬੇ ਦੀਆਂ ਖਾਦ ਕੰਪਨੀਆਂ ਸਹਿਕਾਰੀ ਸੁਸਾਇਟੀਆਂ ਨੂੰ 80 ਫ਼ੀਸਦੀ ਯੂਰੀਆ ਦੇਣ ਲਈ ਪਾਬੰਦ ਹੋਣਗੀਆਂ। ਮਾਲ ਗੱਡੀਆਂ ਦੀ ਸੂਬੇ ’ਚ ਆਵਾਜਾਈ ਬੰਦ ਹੋਣ ਨਾਲ ਡੀਏਪੀ ਖਾਦ ਦੀ ਘਾਟ ਦਾ ਵੀ ਖ਼ਦਸ਼ਾ ਹੈ ਪਰ ਖਾਦ ਕੰਪਨੀਆਂ ਨੇ ਹਰਿਆਣਾ ’ਚ ਡੀਏਪੀ ਖਾਦ ਦੇ ਰੈਕ ਲਵਾ ਕੇ ਪੰਜਾਬ ਦੇ ਡੀਲਰਾਂ ਨੂੰ ਡੀਏਪੀ ਖਾਦ ਮੁਹੱਈਆ ਕਰਵਾਉਣੀ ਸ਼ੁਰੂ ਕਰਕੇ ਕਾਫ਼ੀ ਹੱਦ ਤੱਕ ਡੀਏਪੀ ਖਾਦ ਦਾ ਮਸਲਾ ਹੱਲ ਕਰ ਲਿਆ ਹੈ। ਡੀਲਰਾਂ ਅਨੁਸਾਰ ਖਾਦ ਕੰਪਨੀਆਂ ਜੇ ਹਰਿਆਣਾ ’ਚ ਡੀਏਪੀ ਖਾਦ ਸਪਲਾਈ ਕਰ ਸਕਦੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਯੂਰੀਆ ਖਾਦ ਸਪਲਾਈ ਕਰਨ ’ਚ ਕੀ ਹਰਜ਼ ਹੈ।
ਪੰਜਾਬ ’ਚ ਖਾਦ ਦੀ ਕੋਈ ਘਾਟ ਨਹੀਂ: ਖੇਤੀਬਾੜੀ ਅਧਿਕਾਰੀ
ਸਬ ਡਿਵੀਜ਼ਨ ਪਾਤੜਾਂ ਨਾਲ ਸਬੰਧਤ ਖੇਤੀਬਾੜੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ’ਚ ਕਿਸੇ ਵੀ ਖਾਦ ਦੀ ਕੋਈ ਘਾਟ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ਤੋਂ ਖਾਦ ਲਿਆ ਕੇ ਆਪਣਾ ਆਰਥਿਕ ਨੁਕਸਾਨ ਨਾ ਕਰਨ ਕਿਉਂਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਦੀ ਪੰਡ ਹੇਠ ਦਬੀ ਹੋਈ ਹੈ।