ਰਾਜਪੁਰਾ, 1 ਫਰਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਦੋ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਦਿੱਲੀ ਵੱਲ ਵਹੀਰਾਂ ਜਾਰੀ ਹਨ। ਇਸੇ ਦੌਰਾਨ ਖੇਤੀ ਕਾਨੁੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਾਜਪੁਰਾ ਦੇ ਨੇੜਲੇ ਪਿੰਡਾਂ ਭੱਪਲ, ਨਲਾਸ ਤੇ ਰੰਗੀਆਂ ਤੋਂ ਅੱਧਾ ਦਰਜਨ ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਸੈਂਕੜੇ ਕਿਸਾਨਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਆਪਣੇ ਨਾਲ ਲੰਗਰ ਦੀ ਰਸਦ ਵੀ ਟਰਾਲੀਆਂ ਵਿੱਚ ਲੋਡ ਕਰਕੇ ਲੈ ਗਏ ਹਨ। ਇਸ ਮੌਕੇ ਕਿਸਾਨ ਆਗੂ ਮਨੀ ਸਿੰਘ ਚੱਕ, ਦਿਲਬਾਗ ਸਿੰਘ ਨਲਾਸ, ਸੁਰਿੰਦਰ ਸਿੰਘ ਫਰੀਦਪੁਰ, ਉਜਾਗਰ ਸਿੰਘ ਧਮੌਲੀ, ਦਵਿੰਦਰ ਸਿੰਘ ਰੰਗੀਆਂ, ਮਨਪ੍ਰੀਤ ਸਿੰਘ ਭੱਪਲ, ਜਗਤਾਰ ਸਿੰਘ ਅਤੇ ਹੋਰ ਵੱਡੀ ਗਿਣਤੀ ਮੌਜੂਦ ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਵੱਲੋਂ ਰਵਾਨਾ ਹੋਣ ਮੌਕੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕਾਂ ’ਚ 26 ਜਨਵਰੀ ਤੋਂ ਬਾਅਦ ਸੰਪੂਰਨ ਜੋਸ਼ ਤੇ ਉਤਸ਼ਾਹ ਹੈ। ਲਗਪਗ ਹਰ ਪਿੰਡ ’ਚ ਦਿੱਲੀ ਵੱਲ ਕਿਸਾਨਾਂ ਦੇ ਜੱਥੇ ਭਾਰੀ ਗਿਣਤੀ ਵਿੱਚ ਦਿੱਲੀ ਵੱਲ ਚਾਲੇ ਪਾ ਰਹੇ ਹਨ। ਪਿੰਡ ਰਾਮਪੁਰਾ ਜਵਾਹਰਵਾਲਾ ਵਿੱਚ ਪੰਚਾਇਤ, ਕਮੇਟੀਆਂ ਅਤੇ ਕਲੱਬਾਂ ਨੇ ਫ਼ੈਸਲਾ ਕੀਤਾ ਹੈ, ਕਿ ਹਰ ਰੋਜ਼ 25 ਵਿਅਕਤੀਆਂ ਦਾ ਜਥਾ ਕਿਸਾਨੀ ਅੰਦੋਲਨ ਰੱਦ ਕਰਵਾਉਣ ਲਈ ਦਿੱਲੀ ਧਰਨੇ ਵਿੱਚ ਸ਼ਾਮਲ ਹੋਵੇਗਾ। ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਅੱਜ ਜਾਣ ਵਾਲੇ ਜੱਥੇ ਵਿੱਚ ਸਾਬਕਾ ਸਰਪੰਚ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ,ਜੈ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ, ਗਮਦੂਰ ਸਿੰਘ, ਤਰਸੇਮ ਸਿੰਘ,ਕਰਮਜੀਤ ਸਿੰਘ ਗੁਰਮੀਤ ਸਿੰਘ,ਗਗਨ ਸਿੰਘ, ਰਾਜੂ ਸਿੰਘ,ਗੁਰੀ ਸਿੰਘ, ਮਨਪ੍ਰੀਤ ਸਿੰਘ, ਭਜਨ ਸਿੰਘ, ਅੰਗਰੇਜ਼ ਸਿੰਘ ਸਾਬਕਾ, ਸਰਪੰਚ ਬੇਲ ਸਿੰਘ, ਹਰਭਜਨ ਸਿੰਘ, ਪਾਲੀ ਸਿੰਘ ਅਤੇ ਗੋਬਿੰਦ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਿਹੇ ਜਥੇ ਰੋਜ਼ਾਨਾ ਇਸ ਪਿੰਡ ਚੋਂ ਜਾਇਆ ਕਰਨਗੇ ਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾ ਕੇ ਹੀ ਕਿਸਾਨ ਦਿੱਲੀ ਤੋਂ ਵਾਪਸ ਆਉਣਗੇ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੇ ਲੰਗਰ ਲਈ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਨੇ ਲੰਗਰ ਸੇਵਾ ਇੰਚਾਰਜ ਮੁਹੰਮਦ ਰਫੀਕ ਤੇ ਕਾਮਰੇਡ ਮੁਹੰਮਦ ਇਲਿਆਸ ਦੀ ਅਗਵਾਈ ’ਚ ਰਸਦਾਂ, ਖਾਣ ਪੀਣ ਦਾ ਸਾਮਾਨ ਤੇ ਬਾਲਣ ਭੇਜਿਆ। ਮੁਫ਼ਤੀ ਇਰਤਕਾ-ਉਲ-ਹਸਨ ਕੰਧਾਲਵੀ ਨੇ ਕਿਸਾਨ ਭਰਾਵਾਂ ਦੀ ਕਾਮਯਾਬੀ ਲਈ ਦੁਆ ਕਰਵਾ ਕੇ ਰਸਦਾ ਦਾ ਟਰੱਕ ਰਵਾਨਾ ਕਰਨ ਉਪਰੰਤ ਕਿਹਾ ਕਿ ਮੁਸਲਿਮ ਭਾਈਚਾਰਾ ਦੇਸ਼ ਵਿਚ ਹਰ ਬੇਇਨਸਾਫ਼ੀ ਖ਼ਿਲਾਫ਼ ਹਮੇਸ਼ਾ ਹਾਅ-ਦਾ-ਨਾਅਰਾ ਮਾਰਦਾ ਹੈ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਨਦੀਮ ਅਨਵਾਰ ਖਾਨ, ਅਬਦੁਲ ਸੱਤਾਰ ਲਬਿੜਾ ਮੈਂਬਰ ਪੰਜਾਬ ਵਕਫ਼ ਬੋਰਡ, ਸ਼ੇਰ ਖ਼ਾਨ ਪਟਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਬਿਨਾਂ ਸ਼ਰਤ ਰੱਦ ਕਰ ਦੇਣੇ ਚਾਹੀਦੇ ਹਨ ਤੇ ਜਿਣਸਾਂ ’ਤੇ ਐੱਮ.ਐੱਸ.ਪੀ ਦੇਣਾ ਕਾਨੂੰਨੀ ਤੌਰ ’ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਸੱਚੀ ਕਿਰਤ ਕਿਰਸਾਨੀ ਨੂੰ ਖ਼ਤਮ ਕਰਨ ਲਈ ਥੋਪੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤਮਈ ਅੰਦੋਲਨ ਚਲਾਉਂਦੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਨੇ ਸੰਘਰਸ਼ ਨੂੰ ਹੋਰ ਬਲ ਦਿੱਤਾ ਹੈ। ਅੰਦੋਲਨ ਦੀ ਮਜ਼ਬੂਤੀ ਲਈ ਨੌਜਵਾਨਾਂ ਨੇ ਪਾਣੀ ਦੀਆਂ ਬੋਤਲਾਂ, ਲੱਕੜਾਂ ਤੇ ਹੋਰ ਜ਼ਰੂਰਤ ਦੀਆਂ ਵਸਤਾਂ ਇਕੱਠੀਆਂ ਕਰਕੇ ਮੁੜ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਹਨ। ਕਿਸਾਨ ਕਾਨੂੰਨ ਰੱਦ ਹੋਣ ਤੱਕ ਡਟੇ ਰਹਿਣ ਲਈ ਬਾਜਿਦ ਨੌਜਵਾਨਾਂ ਦਿਲੀ ਰਵਾਨਗੀ ਤੋਂ ਪਹਿਲਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿੱਲੀ-ਸੰਗਰੂਰ ਮੁੱਖ ਮਾਰਗ ਰਾਹੀਂ 50 ਦੇ ਕਰੀਬ ਟਰੈਕਟਰ-ਟਰਾਲੀਆਂ ’ਚ ਸਾਜ਼ੋ ਸਾਮਾਨ ਲੈ ਕੇ ਦਿੱਲੀ ਲਈ ਰਵਾਨਾ ਹੋਏ ਕਾਫ਼ਲੇ ਦੇ ਆਗੂ ਯਾਦਵਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ, ਸੁਰਜਨ ਸਿੰਘ, ਗੁਰਦੀਪ ਸਿੰਘ, ਗੁਰਸੇਬ ਸਿੰਘ, ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਕੇਂਦਰ ਨੇ ਸ਼ਾਂਤਮਈ ਟਰੈਕਟਰ ਪਰੇਡ ਕਰਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਮਗਰੋਂ ਧਰਨਾਕਾਰੀ ਕਿਸਾਨਾਂ ਉੱਤੇ ਪੱਥਰਬਾਜ਼ੀ ਕਰਵਾਉਣ ਤੇ ਪਾਣੀ ਬਿਜਲੀ ਬੰਦ ਕਰਕੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੈ।