ਪੱਤਰ ਪ੍ਰੇਰਕ
ਰਾਜਪੁਰਾ, 11 ਮਈ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਹਲਕਾ ਵਿਧਾਇਕਾ ਨੀਨਾ ਮਿੱਤਲ ਨੂੰ ਸੌਂਪਿਆ ਗਿਆ। ਮੋਰਚੇ ਦੇ ਆਗੂਆਂ ਮਾਨ ਸਿੰਘ ਰਾਜਪੁਰਾ, ਗੁਰਦੇਵ ਸਿੰਘ ਜੰਡੌਲੀ, ਜਸਮੇਰ ਸਿੰਘ ਕਬੂਲਪੁਰ, ਜਸ਼ਨਪ੍ਰੀਤ ਸਿੰਘ, ਉਜਾਗਰ ਸਿੰਘ ਧਮੌਲੀ, ਮਨਪ੍ਰੀਤ ਸਿੰਘ ਅਤੇ ਜਵਾਹਰ ਲਾਲ ’ਤੇ ਅਧਾਰਿਤ ਵਫਦ ਨੇ ਵਿਧਾਇਕ ਨੀਨਾ ਮਿੱਤਲ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਕਣਕ ਦੇ ਘਟੇ ਝਾੜ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ਮੀਟਰ ਲਗਾਉਣੇ ਬੰਦ ਕੀਤੇ ਜਾਣ, ਐੱਮ.ਐੱਸ.ਪੀ ਸਬੰਧੀ ਕਾਨੂੰਨ ਬਣਾਉਣ ਅਤੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇ ਸਮੇਤ ਹੋਰ ਮੰਗਾਂ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ’ਤੇ ਮੋਰਚੇ ਵੱਲੋਂ 17 ਮਈ ਤੋਂ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।