ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 4 ਨਵੰਬਰ
ਨਾਭਾ ਪਾਵਰ ਥਰਮਲ ਪਲਾਂਟ ਲਿਮਟਿਡ ਰਾਜਪੁਰਾ ਨੂੰ ਜਾਂਦੀ ਰੇਲਵੇ ਲਾਈਨ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇਸ ਦੇ ਆਗੂਆਂ ਜਗਮੇਲ ਸਿੰਘ ਗਾਜੇਵਾਸ, ਮਿੱਠੂ ਸਿੰਘ ਕਕਰਾਲਾ ਭਾਈਕੇ, ਦਵਿੰਦਰ ਸਿੰਘ, ਸੁਰਜੀਤ ਸਿੰਘ ਕਕਰਾਲਾ ਅਤੇ ਜਸਵੰਤ ਸਿੰਘ ਸਦਰਪੁਰ ਦੀ ਅਗਵਾਈ ਵਿੱਚ ਨਾਭਾ ਪਾਵਰ ਥਰਮਲ ਪਲਾਂਟ ਰਾਜਪੁਰਾ ਨੂੰ ਜਾਂਦੀ ਰੇਲ ਪਟੜੀ ’ਤੇ ਪਿੰਡ ਸੂਰਲ ਖੁਰਦ ਨੇੜੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਰੋਕ ਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਦਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੇਵਲ ਕਾਰਪੋਰੇਟ ਘਰਾਣਿਆਂ ਦੀ ਭਾਈਵਾਲੀ ਵਾਲੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਰੋਕੀ ਗਈ ਹੈ। ਸਰਕਾਰੀ ਪਲਾਂਟਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਇਸੇ ਦੌਰਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਕਿਸਾਨ ਆਗੂਆਂ ਗੁਰਬਖਸ਼ ਸਿੰਘ ਬਲਬੇੜਾ, ਪਵਨ ਕੁਮਾਰ ਸਗੋਲਪੁਰ ਅਤੇ ਹਜੂਰਾ ਸਿੰਘ ਮਿਰਜਾਂਪੁਰ ਦੀ ਅਗਵਾਈ ਵਿੱਚ ਜਾਰੀ ਰਿਹਾ। ਧਰਨੇ ਨੂੰ ਸਮਰਥਨ ਦੇਣ ਲਈ ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਖੁਸ਼ਦੀਪ ਸਿੰਘ ਟਿੰਕੂ ਘਨੌਰ ਅਤੇ ਕਬੱਡੀ ਖਿਡਾਰੀ ਮਨੀ ਸੰਧਾਰਸੀ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ ਜਦਕਿ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸਿੰਘ ਸੀਲ, ਖੇਤ ਮਜਦੂਰ ਆਗੂ ਵਿਜੈਪਾਲ ਘਨੌਰ ਅਤੇ ਮਨਰੇਗਾ ਮਜਦੂਰ ਆਗੂ ਪ੍ਰੇਮ ਸਿੰਘ ਘਨੌਰ ਵੱਲੋਂ ਕਿਸਾਨ ਜਥੇਬੰਦੀਆਂ ਦੁਆਰਾ 5 ਨਵੰਬਰ ਨੂੰ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ ਵਿਖੇ ਕੀਤੇ ਜਾਣ ਵਾਲੇ ਚੱਕਾ ਜਾਮ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪਿੰਡ ਸੀਲ, ਮਰਦਾਂਪੁਰ, ਹਰੀਮਾਜਰਾ, ਮੰਡੌਲੀ, ਅਜਰਾਵਰ ਸਮੇਤ ਇੱਕ ਦਰਜਨ ਪਿੰਡਾਂ ਵਿੱਚ ਕਿਸਾਨਾਂ, ਮਜ਼ਦੂਰਾਂ ਦੀ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਵਿੰਗ ਵੱਲੋਂ ਇਸ ਦੇ ਆਗੂਆਂ ਲਖਵੀਰ ਸਿੰਘ ਸੌਂਟੀ, ਬਲਜਿੰਦਰ ਸਿੰਘ ਲਸੋਈ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਲਸਾਣਾ ਅਤੇ ਪ੍ਰੀਤਮ ਸਿੰਘ ਨਾਰੀਕੇ ਦੀ ਅਗਵਾਈ ਵਿੱਚ ਕਿਸਾਨ ਮੋਰਚਾ ਅੱਜ ਵੀ ਜਾਰੀ ਰਿਹਾ।