ਘਨੌਰ(ਪੱਤਰ ਪ੍ਰੇਰਕ): ਸ਼ੰਭੂ ਬੈਰੀਅਰ ’ਤੇ ਖੇਤੀ ਕਾਨੂੰਨਾਂ ਖਿਲਾਫ ਸੜਕ ਜਾਮ ਕਰਕੇ ਧਰਨਾ ਦੇ ਰਹੇ ਅੰਦੋਲਨਕਾਰੀ ਕਿਸਾਨਾਂ ਦੀ ਕਵਰੇਜ ਲਈ ਪੁੱਜੇ ਇੱਕ ਨੈਸ਼ਨਲ ਚੈਨਲ ਦੇ ਪੱਤਰਕਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਮੌਕੇ ਤੋਂ ਜਾਣ ਲਈ ਮਜਬੂਰ ਹੋਣਾ ਪਿਆ। ਕਿਸਾਨ ਸੰਘਰਸ਼ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ਨੂੰ ਲੈ ਕੇ ਗੋਦੀ ਮੀਡੀਆ ਵੱਜੋਂ ਸਮਝੇ ਜਾਂਦੇ ਇਸ ਨੈਸ਼ਨਲ ਚੈਨਲ ਦੇ ਦੋ ਪੱਤਰਕਾਰ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਕਵਰੇਜ ਲਈ ਪੁੱਜੇ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਕਤ ਚੈਨਲ ਦੇ ਪੱਤਰਕਾਰਾਂ ਨੇ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਜਾਣ ਵਿੱਚ ਭਲਾਈ ਸਮਝੀ। ਇਸ ਘਟਨਾ ਦੀ ਪੁਸ਼ਟੀ ਮੌਕੇ ’ਤੇ ਮੌਜੂਦ ਕਿਸਾਨਾਂ ਨੇ ਵੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਉਹ ਪੂਰਾ ਸਤਿਕਾਰ ਕਰਦੇ ਹਨ, ਪ੍ਰੰਤੂ ਮੀਡੀਏ ਦਾ ਇੱਕ ਹਿੱਸਾ ਸਰਕਾਰ ਦੀ ਬੋਲੀ ਬੋਲਦਾ ਹੈ। ਉਸ ਤੋਂ ਨਿਰਪੱਖ ਕਵਰੇਜ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਉਕਤ ਚੈਨਲ ਦੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਧਰਨੇ ਦੀ ਕਵਰੇਜ ਨਾ ਕਰਨ।