ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਮਈ
ਜੰਗਲ ਪੁੱਟ ਕੇ ਜ਼ਮੀਨ ਆਬਾਦ ਕਰਨ ਮਗਰੋਂ ਪਿੰਡ ਅਰਨੋ ਦੇ ਵਸਨੀਕਾਂ ਨੂੰ ਅਜੇ ਤੱਕ ਮਾਲਕੀ ਹੱਕ ਨਸੀਬ ਨਹੀਂ ਹੋਇਆ। ਹੁਣ ਭਗਵੰਤ ਮਾਨ ਸਰਕਾਰ ਵੱਲੋਂ ਉਨ੍ਹਾਂ ਤੋਂ ਜ਼ਮੀਨ ਛੁਡਵਾ ਕੇ ਸੈਂਕੜੇ ਪਰਿਵਾਰਾਂ ਤੋਂ ਰੋਜ਼ੀ ਰੋਟੀ ਖੋਹਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਵਾਈ ਵਿਰੁੱਧ ਕਾਸ਼ਤਕਾਰਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਝੰਡੇ ਹੇਠ ਇਕੱਠ ਕਰਕੇ ਜ਼ਮੀਨ ਨਾ ਛੱਡਣ ਦਾ ਬਿਗਲ ਵਜਾ ਦਿੱਤਾ ਹੈ। ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਅਤੇ ਪੰਚਾਇਤ ਵਿਭਾਗ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਜ਼ਮੀਨ ਬਚਾਓ ਨਾਅਰੇ ਹੇਠ 13 ਨੂੰ ਐੱਸਡੀਐੱਮ ਪਾਤੜਾਂ ਨੂੰ ਮੰਗ ਪੱਤਰ ਦੇਣ ਮਗਰੋਂ ਮੋਟਰਸਾਈਕਲ ਮਾਰਚ ਕਰਨ ਦਾ ਐਲਾਨ ਕੀਤਾ।
ਜ਼ਮੀਨ ’ਤੇ ਕਾਬਜ਼ ਸੁਖਵਿੰਦਰ ਸਿੰਘ, ਹਰਨੇਕ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਸਾਬਕਾ ਸਰਪੰਚ ਬੰਮੂ ਰਾਮ ਨੇ ਦੱਸਿਆ ਕਿ ਉਕਤ ਜ਼ਮੀਨ ਨੂੰ ਉਨ੍ਹਾਂ ਦੇ ਪੁਰਖਿਆਂ ਨੇ ਸਰਕਾਰ ਦੀ ਜੰਗਲ ਤੋੜੋ ਮੁਹਿੰਮ ਤਹਿਤ ਜੰਗਲ ਪੁੱਟ ਕੇ ਆਬਾਦ ਕੀਤਾ ਸੀ। ਜ਼ਮੀਨ ਦੀ ਮਾਲਕੀ ਨੂੰ ਲੈ ਕੇ ਚੱਲਦੇ ਕੇਸਾਂ ਵਿੱਚ ਉਨ੍ਹਾਂ ਵੱਲੋਂ ਮੁਰੱਬੇਬੰਦੀ ਦਾ ਰਿਕਾਰਡ ਪੇਸ਼ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 199 ਏਕੜ ਉੱਤੇ ਕਾਸ਼ਤ ਕਰਦੇ ਕਿਸਾਨਾਂ ਨੂੰ ਡੀਡੀਪੀਓ ਵੱਲੋਂ 1997 ਵਿੱਚ ਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਵੱਲੋਂ 2013 ’ਚ ਮਾਲਕੀ ਹੱਕ ਦਿੱਤੇ ਜਾਣ ਉਪਰੰਤ ਗ੍ਰਾਮ ਪੰਚਾਇਤ ਵੱਲੋਂ ਹਾਈ ਕੋਰਟ ਵਿੱਚ ਪਹੁੰਚ ਕੀਤੀ ਗਈ। ਇਸ ’ਤੇ ਅਦਾਲਤ ਨੇ ਕੇਸ ਡਿਪਟੀ ਡਾਇਰੈਕਟਰ ਕੋਲ ਰਿਮਾਂਡ ਕਰ ਦਿੱਤਾ ਸੀ ਜੋ ਵਿਚਾਰ ਅਧੀਨ ਹੈ। ਜੀਤ ਰਾਮ ਨੇ ਦੱਸਿਆ ਕਿ ਉਕਤ ਜ਼ਮੀਨ ਵਿੱਚੋਂ 50 ਏਕੜ ਜ਼ਮੀਨ ਉੱਤੇ 80 ਐੱਸਸੀ ਪਰਿਵਾਰਾਂ ਦਾ ਕਬਜ਼ਾ ਹੈ ਤੇ ਉਨ੍ਹਾਂ ਵੱਲੋਂ ਕੋਰਟ ਵਿੱਚ ਚੱਲ ਰਿਹਾ ਕੇਸ ਵੀ ਵਿਚਾਰ ਅਧੀਨ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਜਸਵੰਤ ਸਿੰਘ ਵਜੀਦਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜੇਕਰ ਉਕਤ ਜ਼ਮੀਨਾਂ ਨੂੰ ਜੰਗਲ ਪੁੱਟ ਕੇ ਆਬਾਦ ਕਰਨ ਵਾਲੇ ਕਿਸਾਨਾਂ ਨੂੰ ਮਾਲਕੀ ਹੱਕ ਨਹੀਂ ਦੇ ਸਕਦੀ ਤਾਂ ਉਸ ਨੂੰ ਉਨ੍ਹਾਂ ਨੂੰ ਉਜਾੜਨ ਦਾ ਵੀ ਕੋਈ ਹੱਕ ਨਹੀਂ। ਉਕਤ ਜ਼ਮੀਨ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕਾਸ਼ਤਕਾਰਾਂ ਦੇ ਸਹਿਯੋਗ ਨਾਲ 13 ਮਈ ਮੰਗ ਪੱਤਰ ਦੇਣ ਮਗਰੋਂ ਮੋਟਰਸਾਈਕਲ ਰੋਸ ਮਾਰਚ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਕਤ ਕਿਸਾਨ ਜਥੇਬੰਦੀਆਂ ਦੇ ਕਾਸ਼ਤਕਾਰ ਉਕਤ ਜ਼ਮੀਨ ਉੱਤੇ ਕਿਸੇ ਵੀ ਕੀਮਤ ’ਤੇ ਪੰਚਾਇਤ ਵਿਭਾਗ ਨੂੰ ਕਾਬਜ਼ ਨਹੀਂ ਹੋਣ ਦੇਣਗੀਆਂ। ਇਸ ਮੌਕੇ ਹਰਭਜਨ ਸਿੰਘ ਧਹੂੜ, ਸੁਖਦੇਵ ਸਿੰਘ ਹਰਿਆਊ, ਵਰਿਆਮ ਸਿੰਘ, ਗੁਰਨਾਮ ਸਿੰਘ ਢੈਂਠਲ, ਯਾਦਵਿੰਦਰ ਸਿੰਘ ਕੂਕਾ, ਬਖਵਿੰਦਰ ਸਿੰਘ ਆਦਿ ਹਾਜ਼ਰ ਸਨ।