ਪੱਤਰ ਪ੍ਰੇਰਕ
ਘਨੌਰ, 23 ਅਪਰੈਲ
ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜਾਬ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ’ਤੇ ਕੇਂਦਰ ਸਰਕਾਰ ਨੂੰ ਲਿਖਤੀ ਵਾਅਦਾ ਪੂਰਾ ਕਰਵਾਉਣ ਤਹਿਤ ਘਨੌਰ ਦੇ ਸਬ ਤਹਿਸੀਲ ਦਫਤਰ ਸਾਹਮਣੇ ਕੁਲਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ, ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਹਾਸਮਪੁਰ, ਗੁਰਸੇਵਕ ਸਿੰਘ ਸੰਧਾਰਸੀ, ਰਜਿੰਦਰ ਸਿੰਘ ਹਰਪਾਲਪੁਰ ਤੇ ਗੁਰਪਾਲ ਸਿੰਘ ਬੱਲੋਪੁਰ ਦੀ ਸਾਂਝੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਮਰੀ ਯੋਗੀ ਦੇ ਪੁਤਲੇ ਸਾੜੇ ਗਏ। ਪ੍ਰਦਰਸ਼ਨਕਾਰੀ ਕਿਸਾਨਾਂ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰੇ। ਇਸ ਮੌਕੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਘਨੌਰ ਵੱਲੋਂ ਪਟਵਾਰੀ ਨੂੰ ਸੌਂਪਿਆ ਗਿਆ।
ਸਮਾਣਾ (ਪੱਤਰ ਪ੍ਰੇਰਕ): ਇੱਥੇ ਅੱਜ ਤਹਿਸੀਲ ਕੰਪਲੈਕਸ ਸਮਾਣਾ ਅੱਗੇ ਰੋਸ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ, ਅਦਿੱਤਯਾਨਾਥ ਯੋਗੀ ਦੇ ਪੁਤਲੇ ਸਾੜੇ ਗਏ। ਇਸ ਮੌਕੇ ਸੁਖਵਿੰਦਰ ਸਿੰਘ ਤੁੱਲੇਵਾਲ, ਟੇਕ ਸਿੰਘ, ਹਰਭਜਨ ਸਿੰਘ ਚੱਠਾ, ਨਿਸ਼ਾਨ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਮੱਖਣ ਸਿੰਘ, ਭਜਨ ਕੌਰ, ਰੂਪ ਕੌਰ, ਪਰਮਜੀਤ ਕੌਰ, ਜਸਵਿੰਦਰ ਕੋਰ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
ਪਾਤੜਾਂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਾਤੜਾਂ ਨੇ ਤਹਿਸੀਲ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਸੰਬੋਧਨ ਕੀਤਾ।