ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਅਕਤੂਬਰ
ਕੇਂਦਰ ਸਰਕਾਰ ਦੇ ਝੋਨੇ ਦੀ ਪਹਿਲੀ ਦੀ ਬਜਾਏ 11 ਅਕਤੂਬਰ ਨੂੰ ਖਰੀਦ ਦੇ ਹੁਕਮਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਇਥੋਂ ਦੀ ਅਨਾਜ ਮੰਡੀ ਵਿੱਚ ਅੱਜ ਝੋਨੇ ਦੀ ਤਿਆਰ ਫਸਲ ਨੂੰ ਮੀਂਹ ਦੇ ਡਰੋਂ ਵੱਢ ਕੇ ਵੇਚਣ ਲਿਆਏ ਕਿਸਾਨਾਂ ਨੂੰ ਹੁਣ ਮੰਡੀ ਵਿੱਚ ਦਸ ਦਿਨ ਫ਼ਸਲ ਦੀ ਦਿਨ ਰਾਤ ਰਾਖੀ ਕਰਨੀ ਪਵੇਗੀ। ਅੱਜ ਪਿੰਡ ਭੁਟਾਲ ਕਲਾਂ ਦੇ ਸ਼ੇਰਾ ਸਿੰਘ ਤੇ ਮੇਜਰ ਸਿੰਘ ਸਣੇ ਕਈ ਕਿਸਾਨ ਪੀਆਰ ਝੋਨੇ ਦੀ ਪੰਜ ਛੇ ਟਰਾਲੀਆਂ ਆੜ੍ਹਤੀ ਦੀ ਦੁਕਾਨ ’ਤੇ ਲਿਆਏ ਪਰ ਆੜ੍ਹਤੀਏ ਨੇ ਬੋਲੀ ਤੋਂ ਹੱਥ ਖੜ੍ਹੇ ਕਰ ਦਿੱਤੇ। ਜ਼ਿਕਰਯੋਗ ਹੈ ਕਿ ਬਾਸਮਤੀ ਦਾ ਝੋਨਾ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦਣ ਕਰਕੇ ਤੁਰੰਤ ਬੋਲੀ ਹੋ ਜਾਂਦੀ ਹੈ ਪਰ ਪਰਮਲ ਝੋਨਾ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਉਹ ਪੁਰਾਣੇ ਹੁਕਮਾਂ ਅਨੁਸਾਰ ਸੁੱਕੀ ਫਸਲ ਲੈ ਕੇ ਮੰਡੀ ’ਚ ਆਏ ਸਨ ਤੇ ਹੁਣ ਖਰੀਦ ਨਾ ਹੋਣ ਕਾਰਨ ਉਹ ਫ਼ਸਲ ਨੂੰ ਘਰ ਵੀ ਨਹੀਂ ਲਿਜਾ ਸਕਦੇ। ਉੱਧਰ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਦੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸਨ ਕਿਉਂਕਿ ਨਮੀ ਵਧਣ ਕਰਕੇ ਇਹ ਘਰਾਂ ’ਚ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਾਲੇ ਤਕ ਆੜ੍ਹਤੀਆਂ ਕੋਲ ਬਾਰਦਾਨਾ ਵੀ ਨਹੀਂ ਪਹੁੰਚਿਆ। ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ ਆਉਣ ਮਗਰੋਂ 11 ਅਕਤੂਬਰ ਤੋਂ ਖਰੀਦ ਦੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਹੋ ਚੁੱਕੀਆਂ ਹਨ ਪਰ ਸ਼ੈੱਲਰਾਂ ਦੀ ਅਲਾਟਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਮਿੱਲੀ। ਉਧਰ ਮਾਰਕਿਟ ਕਮੇਟੀ ਨੇ ਸੋਮਵਾਰ ਨੂੰ ਖਰੀਦ ਅਧਿਕਾਰੀਆਂ, ਸ਼ੈੱਲਰ, ਟਰੱਕ ਯੂਨੀਅਨ ਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਬੁਲਾਈ ਹੈ।
ਕੈਪਸਨ: ਲਹਿਰਾਗਾਗਾ ਵਿੱਚ ਪਹਿਲੀ ਅਕਤੂਬਰ ਨੂੰ ਵੇਚਣ ਲਈ ਕਿਸਾਨ ਲਿਆਏ ਝੋਨਾ। ਫੋਟੋ- ਭਾਰਦਵਾਜ