ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਅਪਰੈਲ
ਕਣਕ ਦੀ ਵਾਢੀ ਜ਼ੋਰਾਂ ’ਤੇ ਹੈ ਪਰ ਕਣਕ ਦਾ ਝਾੜ ਬਹੁਤ ਘਟ ਨਿਕਲਣ ’ਤੇ ਕਿਸਾਨਾਂ ਚਿੰਤਤ ਹਨ। ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਸ ਆਰਥਿਕ ਘਾਟੇ ਦੀ ਭਰਪਾਈ ਲਈ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ। ਸੁਖਜੀਤ ਸਿੰਘ ਬਕਰਾਹਾ, ਕਾਰਜ ਸਿੰਘ, ਰਣਯੋਧ ਸਿੰਘ, ਹਰੀ ਸਿੰਘ, ਧਰਮਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਗੁਰਨਾਮ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਬਾਅਦ ਲਗਾਤਾਰ ਕਈ ਦਿਨ ਹੋਈ ਬਾਰਸ਼ ਤੇ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਕਣਕ ਦਾ ਝਾੜ ਪਿਛਲੇ ਸੀਜ਼ਨ ਨਾਲੋਂ ਤੀਹ ਤੋਂ ਚਾਲੀ ਪ੍ਰਤੀਸ਼ਤ ਘੱਟ ਨਿਕਲ ਰਿਹਾ ਹੈ। ਵੀਹ ਕੁਇੰਟਲ ਪ੍ਰਤੀ ਏਕੜ ਦੇ ਕਰੀਬ ਨਿਕਲਣ ਵਾਲੀ ਕਣਕ ਮਹਿਜ਼ ਬਾਰਾਂ ਤੋਂ ਚੌਦਾਂ ਕੁਇੰਟਲ ਪ੍ਰਤੀ ਏਕੜ ਹੀ ਨਿਕਲ ਰਹੀ ਹੈ ਜਿਸ ਕਾਰਨ ਅੰਨਦਾਤੇ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਕਿਉਂਕਿ ਮਹਿੰਗੇ ਹੋਏ ਤੇਲ, ਖ਼ਾਦ ਬੀਜ, ਦਵਾਈਆਂ ਅਤੇ ਹੋਰ ਖਰਚਿਆਂ ਸਦਕਾ ਇੰਨੀ ਕੁ ਆਮਦਨ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੋ ਰਹੀ ਹੈ। ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਨੂੰ ਘੱਟ ਝਾੜ ਨੇ ਲੱਕ ਤੋੜਵੀਂ ਸੱਟ ਮਾਰੀ ਹੈ ਉਕਤ ਕੁਦਰਤੀ ਆਫਤ ਦੀ ਸਭ ਤੋਂ ਵੱਧ ਮਾਰ ਠੇਕੇ ’ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਪਈ ਹੈ ਕਿਉਂਕਿ ਉਨ੍ਹਾਂ ਦੇ ਤਾਂ ਠੇਕੇ ਦੇ ਪੈਸੇ ਵੀ ਪੂਰੇ ਨਹੀਂ ਹੋ ਰਹੇ ਜਦਕਿ ਬਾਕੀ ਖਰਚੇ ਅਲੱਗ ਰਹਿ ਜਾਂਦੇ ਹਨ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਨਦਾਤੇ ਨੂੰ ਪੈਣ ਵਾਲੇ ਆਰਥਿਕ ਘਾਟੇ ਦੀ ਪੂਰਤੀ ਲਈ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤਾਂ ਕਿ ਤਬਾਹੀ ਕਿਨਾਰੇ ਜਾ ਪਹੁੰਚੀ ਕਿਸਾਨੀ ਨੂੰ ਬਚਾਇਆ ਜਾ ਸਕੇ।