ਪੱਤਰ ਪ੍ਰੇਰਕ
ਘਨੌਰ, 21 ਅਕਤੂਬਰ
ਸਰਕਾਰ ਵੱਲੋਂ ਅੰਮ੍ਰਿਤਸਰ-ਕਲਕੱਤਾ ਇੰਟੇਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਤਿੰਨ ਸਾਲ ਪਹਿਲਾਂ ਪਿੰਡ ਤਖਤੂਮਾਜਰਾ, ਪੱਬਰਾ, ਆਕੜੀ, ਸੇਹਰਾ ਅਤੇ ਸੇਹਰੀ ਦੀ 1104 ਏਕੜ ਜ਼ਮੀਨ ਗ੍ਰਹਿਣ ਕਰਨ ਮਗਰੋਂ ਪੁੱਡਾ ਨੂੰ ਸੌਂਪੇ ਜਾਣ ਤੋਂ ਪ੍ਰਭਾਵਿਤ ਉਕਤ ਪਿੰਡਾਂ ਦੇ ਸੈਂਕੜੇ ਖੇਤ ਮਜ਼ਦੂਰਾਂ ਅਤੇ ਕਾਸ਼ਤਕਾਰਾਂ ਵੱਲੋਂ ਮੁਆਵਜਾ ਰਾਸ਼ੀ ਅਤੇ ਹੋਰ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਭਟੇੜੀ ਕਲਾਂ) ਦੇ ਸਹਿਯੋਗ ਨਾਲ ਜਾਰੀ ਸੰਘਰਸ਼ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗਣ ’ਤੇ ਗ੍ਰਹਿਣ ਕੀਤੀ ਜ਼ਮੀਨ ਭਲਕੇ ਸ਼ਨਿਚਰਵਾਰ ਤੋਂ ਵਾਹੁਣ ਦਾ ਐਲਾਨ ਹੈ। ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਵੱਲੋਂ ਪਿੰਡ ਸੇਹਰਾ ਵਿੱਚ ਰੋਸ ਧਰਨੇ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦੇ ਆਗੂਆਂ ਜਸਵਿੰਦਰ ਸਿੰਘ ਆਕੜੀ, ਮਨਦੀਪ ਸਿੰਘ ਸੇਹਰੀ, ਨਰਿੰਦਰ ਸਿੰਘ ਤਖਤੂਮਾਜਰਾ ਤੇ ਮੁਣਸ਼ੀ ਰਾਮ ਬਾਜੀਗਰ ਪੱਬਰਾ ਨੇ ਕਿਹਾ ਕਿ ਪੁੱਡਾ ਨੇ ਮੰਗਾਂ ਮੰਨਣ ਦੀ ਬਜਾਏ ਜ਼ਮੀਨ ਦੇ ਆਲੇ ਦੁਆਲੇ ਕੰਡਾ ਤਾਰ ਲਾਉਣੀ ਆਰੰਭ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦੀ ਜੱਦੀ ਜ਼ਮੀਨ ਨੂੰ ਅਤੇ ਬਾਜ਼ੀਗਰ ਬਸਤੀ ਪੱਬਰਾ ਨੂੰ ਜਾਂਦੇ ਰਾਹ ਬੰਦ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਉਕਤ ਪਿੰਡਾਂ ਦੇ ਲੋਕਾਂ ਵਿੱਚ ਪੁੱਡਾ ਪ੍ਰਤੀ ਤਿੱਖਾ ਰੋਸ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਤਿੰਨ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਖੇਤ ਮਜ਼ਦੂਰਾਂ, ਕਾਸ਼ਤਕਾਰਾਂ ਅਤੇ ਬਾਜ਼ੀਗਰ ਬਸਤੀ ਦੇ ਵਸਨੀਕਾਂ ਦੀਆਂ ਮੰਗਾਂ ਅੱਜ ਸ਼ਾਮ (ਸ਼ੁਕਰਵਾਰ) ਤੱਕ ਮੰਨੇ ਜਾਣ ਦਾ ਅਲਟੀਮੇਟਮ ਦਿੱਤਾ ਸੀ।