ਪਵਨ ਕੁਮਾਰ ਵਰਮਾ
ਧੂਰੀ, 11 ਫਰਵਰੀ
ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਵਿੱਚ ਤੇ ਪਿਛਲੇ ਢਾਈ ਮਹੀਨਿਆਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦਾ ਗੁੱਸਾ ਪੰਜਾਬ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਧੂਰੀ ਵਿੱਚ ਭਾਜਪਾ ਦੇ ਚੋਣ ਨਿਸ਼ਾਨ ’ਤੇ ਨਗਰ ਕੌਂਸਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਕਈ ਉਮੀਦਵਾਰਾਂ ਨੂੰ ਅੱਜ ਕਿਸਾਨ ਆਗੂਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਕਿਸਾਨ ਆਗੂਆਂ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ’ਤੇ ਨਗਰ ਕੌਂਸਲ ਦੀ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਜਿਨ੍ਹਾਂ ਵਿੱਚ ਭੁਪੇਸ਼ ਜਿੰਦਲ, ਟਿੰਕੂ ਜਿੰਦਲ, ਜਗਦੇਵ ਸਿੰਘ, ਸੁਮਨ ਰਾਣੀ ਆਦਿ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਗੁੱਸੇ ਵਿੱਚ ਕਈ ਜਗ੍ਹਾ ਭਾਜਪਾ ਉਮੀਦਵਾਰਾਂ ਦੇ ਪੋਸਟਰ ਪਾੜਨ ਦੀ ਸੂਚਨਾ ਵੀ ਮਿਲੀ ਹੈ। ਭਾਜਪਾ ਆਗੂ ਐਡਵੋਕੇਟ ਹਿਮਾਂਸ਼ੂ ਜਿੰਦਲ, ਬ੍ਰਿਜੇਸ਼ਵਰ ਗੋਇਲ ਤੇ ਅਰੁਣ ਆਰੀਆ ਆਦਿ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਕੁਝ ਕਾਂਗਰਸੀ ਵਰਕਰਾਂ ਵੱਲੋਂ ਬੌਖਲਾਹਟ ਵਿੱਚ ਆ ਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ ਜੋ ਲੋਕਤੰਤਰ ਦਾ ਘਾਣ ਹੈ ਤੇ ਸੂਬਾ ਸਰਕਾਰ ਦੀ ਸ਼ਹਿ ’ਤੇ ਭਾਜਪਾ ਦਾ ਵੋਟ ਬੈਂਕ ਕਮਜ਼ੋਰ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਦੇ ਖਾਮਿਆਜ਼ੇ ਕਾਂਗਰਸ ਸਰਕਾਰ ਨੂੰ ਨਗਰ ਕੌਂਸਲ ਚੋਣਾਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣੇ ਪੈਣਗੇ ਕਿਉਂਕਿ ਕਿਸਾਨ ਭਰਾਵਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਪੂੰਨਾਵਾਲ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਖ਼ਿਲਾਫ਼ ਉਨ੍ਹਾਂ ਦਾ ਗੁੱਸਾ ਜਾਇਜ਼ ਹੈ ਤੇ ਪੰਜਾਬ ਵਿੱਚ ਪੰਚੀ-ਸਰਪੰਚੀ ਤੋਂ ਐੱਮਪੀ ਤੱਕ ਦੀਆਂ ਚੋਣਾਂ ਵਿੱਚ ਭਾਜਪਾ ਦੇ ਨਿਸ਼ਾਨ ’ਤੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਦਾ ਕਾਲੇ ਕਾਨੂੰਨ ਰੱਦ ਹੋਣ ਤੱਕ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਧੂਰੀ ਵਪਾਰ ਮੰਡਲ ਧੂਰੀ ਦੇ ਆਗੂ ਵਿਕਾਸ ਜੈਨ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਕੇ ਮੌਕੇ ’ਤੇ ਸਥਿਤੀ ਨੂੰ ਸੰਭਾਲਿਆ।