ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦੌਰਾਨ ਭਾਵੇਂ ਕਿ ਕਿਸਾਨਾਂ ਤੇ ਹੋਰ ਹਮਾਇਤੀ ਧਿਰਾਂ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੌਰਾਨ ਰੋਜ਼ਾਨਾ ਦੀ ਤਰ੍ਹਾਂ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਕਈ ਥਾਈਂ ਲੱਗੇ ਧਰਨਿਆਂ ’ਚ ਕਿਸਾਨਾਂ ਦੀਆਂ ਤਕਰੀਰਾਂ ਵਧੇਰੇ ਤਿੱਖੀਆਂ ਰਹੀਆਂ।
ਵੱਖ-ਵੱਖ ਥਾਈਂ ਜਾਰੀ ਇਨ੍ਹਾਂ ਧਰਨੇ-ਪ੍ਰਦਰਸ਼ਨਾਂ ਅਤੇ ਪ੍ਰੈੱਸ ਕਾਨਫ਼ਰੰਸਾਂ ’ਚ ਕਿਸਾਨ ਆਗੂਆਂ ਦਾ ਤਰਕ ਸੀ ਕਿ ਹੁਣ ਉਹ ਆਰ-ਪਾਰ ਦੀ ਲੜਾਈ ’ਤੇ ਹਨ ਅਤੇ ਗੱਲ ਕਿਸੇ ਕੰਢੇ ਲਗਾਏ ਬਿਨਾਂ ਉਹ ਖਾਲੀ ਹੱਥ ਘਰਾਂ ਨੂੰ ਪਰਤਣ ਵਾਲੇ ਨਹੀਂ ਹਨ। ਇਸ ਦੌਰਾਨ ਕਿਸਾਨ ਆਗੂ ਸਤਿਨਾਮ ਸਿੰਘ ਬਹਿਰੂ, ਮਨਜੀਤ ਸਿੰਘ ਨਿਆਲ, ਬੂਟਾ ਸਿੰਘ ਸ਼ਾਦੀਪੁਰ, ਗੁਰਬਖ਼ਸ਼ ਸਿੰਘ ਬਲਬੇੜਾ, ਰਣਜੀਤ ਸਿੰਘ ਸਵਾਜਪੁਰ, ਕਰਨੈਲ ਸਿੰਘ ਲੰਗ, ਅਵਤਾਰ ਸਿੰਘ ਕੌਰਜੀਵਾਲਾ, ਗੁਰਮੀਤ ਸਿੰਘ ਦਿੱਤੂਪੁਰ, ਸੁਖਵਿੰਦਰ ਸਿੰਘ ਤੁੱਲੇਵਾਲ ਤੇ ਹਰਭਜਨ ਸਿੰਘ ਦੁੱਲੜ ਆਦਿ ਨੇ ਕੇਂਦਰ ਸਰਕਾਰ, ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਬ ਭੰਡਿਆ। ਉੱਧਰ ਅੱਜ ਵੀ ਕਿਸਾਨਾਂ ਨੇ ਜਿੱਥੇ ਸ਼ੰਭੂ ਵਿੱਚ ਰੇਲਵੇ ਟਰੈਕ ’ਤੇ ਧਰਨਾ ਜਾਰੀ ਰੱਖਿਆ, ਉੱਥੇ ਹੀ ਧਰੇੜੀ ਜੱਟਾਂ, ਅਸਰਪੁਰ ਚੁਪਕੀ, ਕਲਿਆਣ ਅਤੇ ਚਹਿਲ ਆਦਿ ਪਿੰਡਾਂ ਨੇੜੇ ਪੈਂਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਵਾਲੇ ਟੌਲ ਪਲਾਜ਼ਿਆਂ ’ਤੇ ਧਰਨੇ ਰੂਪੀ ਕਬਜ਼ੇ ਬਰਕਰਾਰ ਰੱਖੇ ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ।
ਦਿੱਲੀ ਅਤੇ ਚੰਡੀਗੜ੍ਹ ਵਿਚਲੀਆਂ ਮੀਟਿੰਗਾਂ ਵਿੱਚ ਮੂਹਰਲੀ ਕਤਾਰ ’ਚ ਵਿਚਰ ਰਹੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਆਗੂ ਜਗਮੋਹਣ ਸਿੰਘ ਪਟਿਆਲਾ ਅਤੇ ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਇਹ ਲੜਾਈ ਜਿੱਤ ਕੇ ਹੀ ਦਮ ਲੈਣਗੇ। ਉਨ੍ਹਾਂ ਸਮੂਹ ਹਮਾਇਤੀ ਧਿਰਾਂ ਦਾ ਧੰਨਵਾਦ ਕੀਤਾ।
ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦੇ ਪੰਜਾਬ ਭਰ ਵਿਚ ਪੈਟਰੋਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ ਹਨ ਤੇ ਇਸ ਮੁਹਿੰਮ ਨੂੰ ਹੋਰ ਭਖਾਇਆ ਜਾਵੇਗਾ।
ਕਿਸਾਨ ਜਥੇਬੰਦੀਆਂ ਵੱਲੋਂ ‘ਰੇਲ ਰੋਕੋ ਧਰਨਾ’ ਜਾਰੀ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਖੇਤੀ ਕਾਨੁੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ‘ਰੇਲ ਰੋਕੋ’ ਧਰਨਾ 15ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਸ਼ਾਮਲ ਵੱਡੀ ਗਿਣਤੀ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਗੁਰਬਖਸ਼ ਸਿੰਘ ਬਲਬੇੜਾ, ਪਵਨ ਕੁਮਾਰ ਸੋਗਲਪੁਰ, ਰਣਜੀਤ ਸਿੰਘ ਆਕੜ, ਕੁਲਵੰਤ ਸਿੰਘ ਮੌਲਵੀਵਾਲਾ, ਹਜੂਰਾ ਸਿੰਘ ਮਿਰਜ਼ਾਪੁਰ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਲਾਹੇਵੰਦ ਭਾਅ ਦੇਵੇ। ਧਰਨੇ ਵਿੱਚ ਸੰਤ ਲਾਭ ਸਿੰਘ, ਕੁਦਰਤੀ ਖੇਤੀ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਬਹਾਵਲਪੁਰ, ਹਰਿੰਦਰ ਸਿੰਘ ਅਤੇ ਅਵਤਾਰ ਸਿੰਘ ਕੌਰਜੀਵਾਲਾ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਖਾਲਸਾ ਏਡ ਵੱਲੋਂ ਧਰਨਾਕਾਰੀ ਕਿਸਾਨਾਂ ਲਈ ਲੰਗਰ ਲਗਾਇਆ ਗਿਆ।