ਸੁਭਾਸ਼ ਚੰਦਰ
ਸਮਾਣਾ, 14 ਅਕਤੂਬਰ
ਹਲਕਾ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦਾ ਖ਼ਰੀਦ ਕੇਂਦਰ ਬੰਦ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ਨੇੜੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ, ਬਲਜੀਤ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਪਿੰਡ ਤਲਵੰਡੀ ’ਚ ਖ਼ਰੀਦ ਕੇਂਦਰ ਬਣਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼ੈੱਲਰ ਮਾਲਕਾਂ ਦੀ ਮਿਲੀਭੁਗਤ ਨਾਲ ਝੋਨੇ ਦੀ ਫ਼ਸਲ ਮੌਕੇ ਇਸ ਖ਼ਰੀਦ ਕੇਂਦਰ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਸ਼ੈੱਲਰਾਂ ਨੇੜੇ ਖ਼ਰੀਦ ਕੇਂਦਰ ਵਿਚ ਫ਼ਸਲ ਨੂੰ ਸੁਟਵਾ ਕੇ ਕਾਟ ਨਾਲ ਝੋਨੇ ਦੀ ਫਸਲ ਨੂੰ ਭਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੈਬਨਿਟ ਮੰਤਰੀ ਤੇ ਪ੍ਰਸ਼ਾਸਨ ਨੂੰ ਮਿਲ ਚੁੱਕੇ, ਪਰ ਸੁਣਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਐੱਸਡੀਐੱਮ ਸਮਾਣਾ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਤਲਵੰਡੀ ਮਲਿਕ ਦਾ ਖ਼ਰੀਦ ਕੇਂਦਰ ਵੀਰਵਾਰ ਨੂੰ ਬਹਾਲ ਕਰ ਦਿੱਤਾ ਗਿਆ ਸੀ ਅਤੇ ਅੱਜ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ।
ਮੰਡੀ ਕਾਮਿਆਂ ਦਾ ਧਰਨਾ ਜਾਰੀ
ਪਟਿਆਲਾ (ਖੇਤਰੀ ਪ੍ਰਤੀਨਿਧ) : ਪੰਜਾਬ ਮੰਡੀ ਬੋਰਡ ਤੇ ਮਾਰਕਿਟ ਕਮੇਟੀਆਂ ਵਿਚਲੇ ਕੰਟਰੈਕਟ/ਆਊਟਸੋਰਸ ਤੀਜਾ ਤੇ ਚੌੌਥਾ ਦਰਜਾ ਕਰਮਚਾਰੀਆਂ ਵਲੋਂ ਬਦਲਾ ਲਊ ਭਾਵਨਾ ਨਾਲ ਲੰਮੇ ਸਮੇਂ ਤੋਂ ਕੰਮ ਕਰਦਿਆਂ ਨੂੰ ਕੰਮਾਂ ਤੋਂ ਫਾਰਗ ਕਰਨ ਦੀਆਂ ਕਾਰਵਾਈਆਂ ਦੇ ਵਿਰੁੱਧ ਅੱਜ ਪਟਿਆਲਾ ਸਮੇਤ ਜ਼ਿਲ੍ਹੇ ਦੀਆਂ ਹੋਰ ਵੱਖ ਵੱੱਖ ਮਾਰਕਿਟ ਕਮੇਟੀਆਂ ਦੇ ਸੈਕਟਰੀਆਂ ਦੇ ਖਿਲਾਫ਼ ਲਗਾਤਾਰ ਤੀਜੇ ਦਿਨ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕੀਤਾ ਕਿ 8 ਅਕਤੂਬਰ ਨੂੰ ਡੀਸੀ ਅਤੇ ਐੱਸਡੀਐੱਮ ਦਫ਼ਤਰਾਂ ਅੱਗੇ ਰੈਲੀ ਕੀਤੀ ਜਾਵੇਗੀ।