ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਮਈ
ਕਿਰਤੀ ਕਿਸਾਨ ਯੂਨੀਅਨ ਨੇ ਜੰਮੂ ਕਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਲਈ ਠੇਕੇਦਾਰ ਵੱਲੋਂ ਕੌਡੀਆਂ ਦੇ ਭਾਅ ਮਿੱਟੀ ਲੈ ਕੇ ਪਾਉਣ ਦਾ ਵਿਰੋਧ ਕਰਦਿਆਂ ਮਿੱਟੀ ਦਾ ਵਾਜਬ ਮੁੱਲ ਨਾ ਮਿਲਣ ’ਤੇ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਸਾਨਾਂ ਦੀ ਸ਼ਰ੍ਹੇਆਮ ਹੋ ਰਹੀ ਲੁੱਟ ਦਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਤੇ ਗੁਰਵਿੰਦਰ ਦੇਧਨਾ ਨੇ ਕਿਹਾ ਕਿ ਡੇਢ ਕਿੱਲੇ ਤੋਂ ਜ਼ਿਆਦਾ ਚੌੜੇ ਅਤੇ 11 ਤੋਂ 13 ਫੁੱਟ ਉੱਚੇ ਬਣਨ ਵਾਲੇ ਜੰਮੂ ਕਟੜਾ ਕੌਮੀ ਸ਼ਾਹਰਾਹ ਵਿੱਚ ਲੱਖਾਂ ਮੀਟਰਿਕ ਟਨ ਮਿੱਟੀ ਖਪਤ ਹੋਵੇਗੀ ਜਿਸਦਾ ਵੱਡਾ ਹਿੱਸਾ ਨੇੜਲੇ ਪਿੰਡਾਂ ਵਿੱਚੋਂ ਹੀ ਚੁੱਕਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਮਿੱਟੀ ਚੁਕਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਫੁੱਟ ਮਿੱਟੀ ਦੀ ਵੱਧ ਤੋਂ ਵੱਧ ਕੀਮਤ 13 ਹਜ਼ਾਰ ਰੁਪਏ ਦੇ ਰਹੇ ਹਨ ਜਦਕਿ ਇਹ ਕੀਮਤ ਪ੍ਰਤੀ ਏਕੜ ਇੱਕ ਤੋਂ ਡੇਢ ਲੱਖ ਰੁਪਏ ਪ੍ਰਤੀ ਫੁੱਟ ਬਣਦੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਅਤੇ ਚੰਡੀਗੜ੍ਹ-ਬਠਿੰਡਾ ਰਾਜਮਾਰਗਾਂ ਦੀ ਉਸਾਰੀ ਵੇਲੇ ਕਿਸਾਨਾਂ ਨੂੰ ਮਿੱਟੀ ਦਾ ਰੇਟ ਇੱਕ ਲੱਖ ਤੋਂ ਡੇਢ ਲੱਖ ਰੁਪਏ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਇੱਟਾਂ ਬਣਾਉਣ ਲਈ ਭੱਠਾ ਮਾਲਕਾਂ ਵੱਲੋਂ ਖੇਤਾਂ ਚੋਂ ਚੁੱਕੀ ਜਾਂਦੀ ਮਿੱਟੀ ਦਾ ਠੇਕਾ ਵੀ ਡੇਢ ਲੱਖ ਰੁਪਏ ਪ੍ਰਤੀ ਫੁੱਟ ਆਮ ਦਿੱਤਾ ਜਾਂਦਾ ਹੈ। ਉਨ੍ਹਾਂ ਜੰਮੂ ਕੱਟੜਾ ਐਕਸਪ੍ਰੈਸਵੇਅ ਅਥਾਰਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਥਾਰਟੀ ਨੇ ਮਿੱਟੀ ਦਾ ਕਿਸਾਨਾਂ ਨੂੰ ਵਾਜਬ ਮੁੱਲ ਤੈਅ ਨਾ ਦਿੱਤਾ ਤਾਂ ਕਿਸਾਨਾਂ ਦੇ ਸਹਿਯੋਗ ਨਾਲ ਕੰਮ ਰੋਕਿਆ ਜਾਵੇਗਾ।