ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵਿੱਚ ਆਈ ਗਿਰਾਵਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਸ ਹਾਲਾਤ ਲਈ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਰਿਵਾਰਵਾਦ ਘੁਣ ਵਾਂਗ ਖਾ ਗਿਆ। ਬੇਅਦਬੀ ਵਰਗੀ ਘਟਨਾ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਰਗੀਆਂ ਬੱਜਰ ਗ਼ਲਤੀਆਂ ਦੀ ਭੁੱਲ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਹੀ ਬਖਸ਼ਾਉਣੀ ਚਾਹੀਦੀ ਹੈ।
ਗਰਮਖਿਆਲੀ ਸੁਰ ਅਤੇ ਬੇਬਾਕੀ ਨਾਲ ਗੱਲ ਰੱਖਣ ਵਜੋਂ ਮਸ਼ਹੂਰ ਪੰਜੋਲੀ ਨੇ ਅੱਜ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਖਾਲਸਾ ਪੰਥ ਦੀ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜੋਲੀ ਨੇ ਕਿਹਾ ਕਿ ਅਕਾਲੀ ਦਲ ਵੱਡੇ ਮੋਰਚਿਆਂ ਅਤੇ ਸੰਘਰਸ਼ ਵਿਚੋਂ ਨਿਕਲੀ ਅਜਿਹੀ ਪਾਰਟੀ ਹੈ, ਜਿਸ ਦੇ ਇਤਿਹਾਸਕ ਕਾਰਜਾਂ ਨੂੰ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਦੁਨੀਆ ਦਾ ਇਕੋ ਇਕ ਅਜਿਹਾ ਸਿੱਖ ਦਲ ਹੈ, ਜੋ ਸਿੱਖ ਪੰਥ ਅਤੇ ਸਿੱਖ ਸਿਆਸਤ ਦੇ ਅਹਿਮ ਮਸਲਿਆਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਆਇਆ ਹੈ। ਸਮੇਂ ਨਾਲ ਪਾਰਟੀ ’ਚ ਆ ਰਹੀ ਗਿਰਾਵਟ ਅਤੇ ਪੈਦਾ ਹੋ ਰਹੇ ਸੰਕਟ ਨਾਲ ਨਜਿੱਠਣ ਲਈ ਸਾਰਿਆਂ ਨੂੰ ਸੁਚੇਤ ਚਿੰਤਨ ਕਰਨ ਦੀ ਲੋੜ ਹੈ।