ਪੱਤਰ ਪ੍ਰੇਰਕ
ਪਟਿਆਲਾ, 30 ਮਾਰਚ
ਭਾਸ਼ਾ ਵਿਭਾਗ, ਪੰਜਾਬ ਦੇ ਵਿਹੜੇ ਵਿਚ ਅੱਜ ਉੱਘੇ ਗ਼ਜ਼ਲਗੋ ਸੁਲੱਖਣ ਸਰਹੱਦੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਸਭਨਾਂ ਦਾ ਸਵਾਗਤ ਕੀਤਾ। ਡਾ. ਮਦਨ ਲਾਲ ਹਸੀਜਾ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਸਾਹਿਤਕਾਰ ਨੇ ਸੁਲੱਖਣ ਸਰਹੱਦੀ ਨਾਲ ਜੁੜੀਆਂ ਪੁਰਾਣੀਆਂ ਸਾਂਝਾ ਦਾ ਜ਼ਿਕਰ ਕੀਤਾ। ਡਾ. ਨਰੇਸ਼ ਥਾਪਾ ਸਹਾਇਕ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਨੇ ਦੱਸਿਆ ਕਿ ਸੁਲੱਖਣ ਸਰਹੱਦੀ ਨੇ ਆਪਣੇ ਜੀਵਨ ਦੀ ਸ਼ੁਰੂਆਤ ਗ਼ਰੀਬ ਕਿਰਸਾਨੀ ਤੋਂ ਕਰਦੇ ਹੋਏ ਸਰਹੱਦਾਂ ਦੀ ਰਾਖੀ ਲਈ ਸੈਨਿਕ ਵਜੋਂ ਅਤੇ ਬਾਅਦ ਵਿਚ ਅਧਿਆਪਕ ਵਜੋਂ ਕਾਰਜ ਕਰਦਿਆਂ ਲਗਪਗ 66 ਪੁਸਤਕਾਂ ਰਚੀਆਂ। ਸੁਲੱਖਣ ਸਰਹੱਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੀਪਕ ਜਤੋਈ ਤੋਂ ਬਾਅਦ ਪੰਜਾਬੀ ਗ਼ਜ਼ਲ ਨੂੰ ਇਕ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਗ਼ਜ਼ਲਕਾਰਾਂ ਲਈ ਪਿੰਗਲ ਅਤੇ ਅਰੂਜ਼ ਬਾਰੇ ਰਚਿਆ ਵਿਸਥਾਰਪੂਰਵਕ ਗ੍ਰੰਥ ਇਕ ਵਿਲੱਖਣ ਕਾਰਜ ਹੈ। ਇਸ ਮੌਕੇ ਤਰਨਜੀਤ ਸਿੰਘ ਨੇ ਉਨ੍ਹਾਂ ਨੂੰ ਦਸਤਾਰ ਭੇਟ ਕਰਕੇ ਆਪਣਾ ਗੁਰੂ ਧਾਰਿਆ। ਗੁਰਪ੍ਰੀਤ ਸਿੰਘ ਨੇ ਸੁਲੱਖਣ ਸਰਹੱਦੀ ਦੀਆਂ ਗ਼ਜ਼ਲਾਂ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ ਗਿਆ। ਇਸ ਮੌਕੇ ਸਤਨਾਮ ਸਿੰਘ, ਸਹਾਇਕ ਡਾਇਰੈਕਟ, ਧਰਮ ਸਿੰਘ ਕੰਮਿਆਣਾ, ਕੁਲਵੰਤ ਸਿੰਘ ਨਾਰੀਕੇ, ਗੁਰਦਰਸ਼ਨ ਸਿੰਘ ਗਸੀਲ, ਸੁਖਵਿੰਦਰ ਸੇਖੋਂ, ਬਲਵਿੰਦਰ ਭੱਟੀ, ਕੁਲਵੰਤ ਸਿੰਘ ਸੈਦੋਕੇ, ਵਿਜੇਤਾ ਭਾਰਦਵਾਜ ਆਦਿ ਨੇ ਹਾਜ਼ਰ ਸਨ।