ਪੱਤਰ ਪ੍ਰੇਰਕ
ਪਟਿਆਲਾ, 25 ਫਰਵਰੀ
ਇੱਥੇ ਭਾਸ਼ਾ ਸਦਨ ਵਿੱਚ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਵਾਨਾਂ ਨੇ ਕਵਿੰਦਰ ਚਾਂਦੀ ਦੀ ਗ਼ਜ਼ਲ, ਗੀਤ ਤੇ ਕਵਿਤਾ ਸਿਰਜਣਾ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਡਾ. ਕੁਲਦੀਪ ਦੀਪ ਨੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਮੋਹਨ ਤਿਆਗੀ ਪੰਜਾਬੀ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਕਵਿੰਦਰ ਚਾਂਦ ਨੇ ਦੱਸਿਆ ਕਿ ਉਨ੍ਹਾਂ ਸ਼ਾਇਰੀ ਵਿਰਾਸਤ ਵਿਚੋਂ ਮਿਲੀ ਹੈ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਕੁਲਦੀਪ ਦੀਪ ਨੇ ਕਿਹਾ ਕਿ ਕਵਿੰਦਰ ਚਾਂਦ ਜੜ੍ਹਾਂ ਨਾਲ ਜੁੜਿਆ ਸ਼ਾਇਰ ਹੈ। ਅਖੀਰ ‘ਚ ਭਾਸ਼ਾ ਵਿਭਾਗ ਵੱਲੋਂ ਕਵਿੰਦਰ ਚਾਂਦ ਅੇ ਬਾਕੀ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।